
ਮਾਫ਼ੀਨਾਮੇ ਕਾਰਨ 'ਆਪ' ਵਿਚ ਜੰਗ
ਮਜੀਠੀਆ ਨੂੰ ਮਾਫ਼ੀ ਨਹੀਂ, ਜੇਲ ਹੋਵੇ : ਸੰਜੇ ਸਿੰਘ
ਨਵੀਂ ਦਿੱਲੀ, 16 ਮਾਰਚ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਮਾਣਹਾਨੀ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਲਿਖਤੀ ਮਾਫ਼ੀ ਮੰਗਣ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਅੰਦਰ ਅੰਦਰੂਨੀ ਜੰਗ ਛਿੜ ਗਈ ਹੈ। ਇਕ ਪਾਸੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ ਤੇ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਵੀ ਮਾਫ਼ੀਨਾਮੇ 'ਤੇ ਪਾਰਟੀ ਨੂੰ ਚੋਭਾਂ ਲਾ ਰਹੇ ਹਨ। ਉਧਰ, ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਮਾਮਲੇ ਵਿਚ ਕੇਜਰੀਵਾਲ ਦੇ ਰੁਖ਼ ਬਾਰੇ ਕੋਈ ਸਿੱਧੀ ਟਿਪਣੀ ਨਹੀਂ ਕੀਤੀ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਪਤਾ ਕਿ ਕੇਜਰੀਵਾਲ ਨੇ ਮਾਫ਼ੀ ਕਿਉਂ ਮੰਗੀ। ਮੈਂ ਮਜੀਠੀਆ ਬਾਰੇ ਦਿਤੇ ਗਏ ਅਪਣੇ ਬਿਆਨ 'ਤੇ ਕਾਇਮ ਹਾਂ।' ਉਨ੍ਹਾਂ ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਸਬੰਧੀ ਐਸਟੀਐਫ਼ ਦੀ ਰੀਪੋਰਟ ਦੇ ਹਵਾਲੇ ਨਾਲ ਕਿਹਾ, 'ਮੇਰਾ ਮੰਨਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਮਾਫ਼ੀ ਨਹੀਂ ਮਿਲਣੀ ਚਾਹੀਦੀ। ਮਜੀਠੀਆ ਨੇ ਨਸ਼ਿਆਂ ਦਾ ਧੰਦਾ ਕਰ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ।'
ਸੰਜੇ ਸਿੰਘ ਨੇ ਟਵਿਟਰ 'ਤੇ ਕਿਹਾ, 'ਐਸਟੀਐਫ਼ ਦੀ ਰੀਪੋਰਟ ਵਿਚ ਹੋਏ ਪ੍ਰਗਟਾਵੇ ਦੇ ਆਧਾਰ 'ਤੇ ਮਜੀਠੀਆ ਦੀ ਫ਼ੌਰੀ ਤੌਰ 'ਤੇ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।' ਕੁਮਾਰ ਵਿਸ਼ਵਾਸ ਨੇ ਕਿਹਾ, 'ਸਾਲ 2013, 2014, 2015 ਦੀ ਚੋਣ ਪ੍ਰਚਾਰ ਮੁਹਿੰਮ ਨਾਲ ਜੁੜੇ ਕਈ ਮੁਕੱਦਮਿਆਂ ਕਾਰਨ ਮੈਨੂੰ ਅਪਣੇ ਜ਼ਰੂਰੀ ਕੰਮ ਛਡਣੇ ਪੈ ਰਹੇ ਹਨ। ਕਲ ਵੀ ਇਕ ਮੁਕੱਦਮੇ ਦੀ ਤਰੀਕ ਸੀ। ਸੰਘਰਸ਼ ਜਾਰੀ ਹੈ।' ਜ਼ਿਕਰਯੋਗ ਹੈ ਕਿ ਕਲ 'ਆਪ' ਨੇ ਕਿਹਾ ਕਿ ਮਾਣਹਾਨੀ ਦੇ ਮੁਕੱਦਮੇ ਦੀਆਂ ਪੇਸ਼ੀਆਂ ਕਾਰਨ ਅਰਵਿੰਦ ਕੇਜਰੀਵਾਲ ਦਾ ਕੀਮਤੀ ਸਮਾਂ ਖ਼ਰਾਬ ਹੋ ਰਿਹਾ ਹੈ, ਇਸ ਲਈ ਕੇਸ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਪਹੁੰਚੇ ਕੇਜਰੀਵਾਲ ਨੇ ਇਸ ਮਾਮਲੇ ਵਿਚ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। (ਏਜੰਸੀ)