
ਆਖ਼ਰ ਉਨ੍ਹਾਂ ਪਾਕਿਸਤਾਨ ਵਿਖੇ ਸੰਗਤਾਂ ਨਾਲ ਕਿਉਂ ਕੀਤਾ ਸੀ ਝੂਠਾ ਵਾਅਦਾ?
ਕੋਟਕਪੂਰਾ: ਪਿਛਲੇ ਦਿਨੀਂ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਮ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਵਲੋਂ ਜਾਰੀ ਕਰਨ ਮੌਕੇ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਟਾਲਣ ਅਤੇ ਕਈਆਂ ਦੇ ਗੋਲ-ਮੋਲ ਜਵਾਬ ਦੇਣ ਵਾਲਾ ਮਾਮਲਾ ਪੰਥਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Giani Harpreet Singh
ਪੰਥਕ ਵਿਦਵਾਨ, ਸਿੱਖ ਚਿੰਤਕ ਅਤੇ ਪੰਥਦਰਦੀ ਗਿਆਨੀ ਹਰਪ੍ਰੀਤ ਸਿੰਘ ਦੀ ਉਕਤ ਬਿਆਨਬਾਜ਼ੀ ਨੂੰ ਦੋਗ਼ਲਾਪਣ ਕਰਾਰ ਦੇ ਕੇ ਸਵਾਲ ਪੁਛ ਰਹੇ ਹਨ ਜਿਸ ਦਾ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਕੋਲ ਜਵਾਬ ਦੇਣਾ ਬੜਾ ਔਖਾ ਹੋਵੇਗਾ। ਪ੍ਰਵਾਸੀ ਭਾਰਤੀ, ਸਿੱਖ ਚਿੰਤਕ, ਉਘੇ ਲੇਖਕ ਅਤੇ ਪੰਥਕ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਤੀ ਪੱਤਰ ਭੇਜ ਕੇ ਪੁਛਿਆ ਹੈ।
ਉਨ੍ਹਾਂ ਪਿਛਲੇ ਸਾਲ ਪਾਕਿਸਤਾਨ ਵਿਖੇ ਉਥੋਂ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਕੱਠੇ ਹੋ ਕੇ ਮਨਾਇਆ ਜਾਵੇਗਾ, ਇਸ ਸਾਲ ਵੀ ਪਾਕਿਸਤਾਨ ਵਿਚ ਨਾਨਕਸ਼ਾਹੀ ਕੈਲੰਡਰ ਮੁਤਾਬਕ, 2 ਹਾੜ (16 ਜੂਨ) ਨੂੰ ਇਹ ਦਿਹਾੜਾ ਮਨਾਇਆ ਜਾਣਾ ਹੈ ਅਤੇ ਤੁਹਾਡੇ ਜਾਰੀ ਕੀਤੇ ਗਏ ਬਿਕਰਮੀ ਕੈਲੰਡਰ ਮੁਤਾਬਕ 13 ਜੇਠ (26 ਮਈ)। ਹੁਣ ਦੱਸੋ ਤੁਹਾਡੇ ਵਾਅਦੇ ਦਾ ਕੀ ਬਣੇਗਾ?
Giani Harpreet Singh
ਕੀ ਆਪ ਜੀ ਨੇ ਮੌਕੇ ਮੁਤਾਬਕ ਨਗਰ ਕੀਰਤਨ ਦੀ ਇਜਾਜ਼ਤ ਲੈਣ ਲਈ ਹੀ ਸਿਆਸੀ ਲੀਡਰਾਂ ਵਾਂਗੂੰ ਹੀ ਝੂਠਾ ਵਾਅਦਾ ਹੀ ਤਾਂ ਨਹੀਂ ਸੀ ਕੀਤਾ? ਗਿਆਨੀ ਹਰਪ੍ਰੀਤ ਸਿੰਘ ਨੂੰ ਸੰਬੋਧਨ ਹੁੰਦਿਆਂ ਸਰਬਜੀਤ ਸਿੰਘ ਨੇ ਨਸੀਅਤ ਦਿਤੀ ਕਿ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਵਲੋਂ ਜਾਰੀ ਕੀਤੇ ਗਏ ਕੈਲੰਡਰ ਨੂੰ ਦੁਨੀਆਂ ਦੇ ਸਾਰੇ ਸਿੱਖ ਮੰਨਣ ਤਾਂ ਤੁਹਾਨੂੰ ਪੂਰੀ ਸੁਹਿਰਦਤਾ ਨਾਲ ਯਤਨ ਕਰਨੇ ਪੈਣਗੇ।
ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਉਹ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਲ ਤਰੀਕ ਮੁਤਾਬਕ 1 ਵਿਸਾਖ (14 ਅਪ੍ਰੈਲ) ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਸਮਾਗਮ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਸਬੰਧੀ ਅਪਣੀ ਸਥਿਤੀ ਸਪੱਸ਼ਟ ਕਰਨ ਕਿਉਂਕਿ ਉਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਭਾਰੀ ਇਕੱਠ ਹੋਵੇਗਾ।
Sangat
ਬੇਨਤੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਕਹੋ ਕਿ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਅਪਣੇ ਇਤਰਾਜ਼ ਲਿਖਤੀ ਰੂਪ 'ਚ ਕੌਮ ਦੇ ਸਾਹਮਣੇ ਰੱਖਣ ਤਾਂ ਜੋ ਉਨ੍ਹਾਂ 'ਤੇ ਵਿਚਾਰ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਜੇਕਰ ਤੁਹਾਡਾ ਸੈਂਕਰਾਮੈਂਟੋ ਦਾ ਦੌਰਾ ਰੱਦ ਨਾ ਹੁੰਦਾ ਤਾਂ ਅਸੀ ਤੁਹਾਡੇ ਨਾਲ ਮਿਲ ਬੈਠ ਕੇ ਵਿਚਾਰਾਂ ਕਰਨੀਆਂ ਸਨ।
Sikh Sangat
ਤੁਸੀਂ ਖ਼ੁਦ ਹੀ ਪ੍ਰਿੰਟ ਅਤੇ ਬਿਜਲਈ ਮੀਡੀਏ ਦੇ ਕੈਮਰਿਆਂ ਸਾਹਮਣੇ ਆਖਿਆ ਹੈ ਕਿ ਸਿੱਖ ਪੰਥ ਦਾ ਇਕੋ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਨੂੰ ਦੁਨੀਆਂ ਦੇ ਸਾਰੇ ਸਿੱਖ ਪ੍ਰਵਾਨ ਕਰਨ। ਹੁਣ ਸਵਾਲ ਤਾਂ ਇਹ ਹੈ ਕਿ ਕੈਲੰਡਰ ਕਿਹੜਾ ਹੋਵੇ? ਪਿਛਲੇ ਸਾਲ ਵੀ ਤੁਹਾਡੇ ਨਾਲ ਵੱਖ-ਵੱਖ ਸਾਧਨਾਂ ਰਾਹੀਂ ਸੰਪਰਕ ਕਰ ਕੇ ਇਹ ਮੁੱਦਾ ਤੁਹਾਡੇ ਧਿਆਨ 'ਚ ਲਿਆਂਦਾ ਗਿਆ ਸੀ। ਪਰ ਇਕ ਸਾਲ ਬੀਤ ਜਾਣ 'ਤੇ ਵੀ ਤੁਹਾਡੇ ਵਲੋਂ ਕੋਈ ਹੁੰਗਾਰਾ ਨਹੀਂ ਭਰਿਆ ਗਿਆ।
Giani Harpreet Singh
ਤੁਸੀਂ ਫਿਰ ਉਹੀ ਮਿਲਗੋਭਾ ਕੈਲੰਡਰ ਜਾਰੀ ਕਰ ਦਿਤਾ ਹੈ ਜਿਸ ਵਿਚ ਕੁੱਝ ਦਿਹਾੜੇ 354 ਦਿਨਾਂ, ਕੁੱਝ ਦਿਹਾੜੇ 365 ਦਿਨਾਂ ਅਤੇ ਕੁੱਝ ਦਿਹਾੜੇ 385 ਦਿਨਾਂ ਪਿੱਛੋਂ ਆ ਰਹੇ ਹਨ, ਜਦੋਂ ਕਿ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਗਏ ਕੈਲੰਡਰ ਮੁਤਾਬਕ ਸਾਲ 'ਚ 365 ਦਿਨ (1 ਚੇਤ ਤੋਂ 30 ਫੱਗਣ) ਬਣਦੇ ਹਨ, ਕੀ ਇਸ ਕੈਲੰਡਰ ਨੂੰ ਪੰਥ ਪ੍ਰਵਾਨ ਕਰੇਗਾ?
ਕੀ ਤੁਸੀਂ ਇਹ ਕੈਲੰਡਰ ਪ੍ਰਵਾਨ ਕਰਵਾਉਣ ਲਈ ਕੋਈ ਹੁਕਮਨਾਮਾ ਜਾਰੀ ਕਰੋਗੇ? ਜੇ ਨਹੀਂ ਤਾਂ ਇਸ ਦਾ ਕੀ ਹਸ਼ਰ ਹੋਵੇਗਾ? ਜਦੋਂ ਤੁਸੀਂ ਜਾਣਦੇ ਹੋ ਕਿ ਇਸ ਕੈਲੰਡਰ ਨੂੰ ਦੁਨੀਆਂ ਦੇ ਸਾਰੇ ਸਿੱਖਾਂ ਨੇ ਪ੍ਰਵਾਨ ਨਹੀਂ ਕਰਨਾ ਤਾਂ ਤੁਸੀਂ ਇਕ ਧਿਰ ਦੀ ਨੁਮਾਇੰਦਗੀ ਕਿਉਂ ਕਰ ਰਹੇ ਹੋ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।