
ਪੱਟੀ ਕਰਵਾਉਣ ਜੋਗੇ ਵੀ ਨਹੀਂ ਹਨ ਪੈਸੇ
ਨਵੀਂ ਦਿੱਲੀ- ਸਿਹਤ ਸਹੂਲਤਾ ਨੂੰ ਲੈ ਕੇ ਸਰਕਾਰਾਂ ਦਾਅਵੇ ਤਾਂ ਬਹੁਤ ਵੱਡੇ-ਵੱਡੇ ਕਰਦੀਆਂ ਹਨ ਪਰ ਹਕੀਕਤ ਵਿੱਚ ਇਨ੍ਹਾਂ ਦਾਅਵਿਆਂ ਨੂੰ ਕਿਧਰੇ ਬੂਰ ਪੈਂਦਾ ਦਿਖਾਈ ਨਹੀਂ ਦਿੰਦਾ। ਇਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਰਕਟ ਦਾ ਰਹਿਣ ਵਾਲਾ ਹੈ, ਜਿਸ ਨੂੰ ਇਕ ਸਾਲ ਪਹਿਲਾਂ ਸੱਪ ਨੇ ਡੱਸ ਲਿਆ ਸੀ। ਇਸ ਤੋਂ ਇਹ ਨੌਜਵਾਨ ਖ਼ੁਦ ਆਪਣੇ ਪੈਰਾਂ 'ਤੇ ਨਹੀਂ ਚੱਲ ਸਕਿਆ। ਡੇਢ ਸਾਲ ਤੋਂ ਇਸ ਨੌਜਵਾਨ ਅਤੇ ਇਸ ਦੀ ਗ਼ਰੀਬ ਮਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਜੋ ਸਾਰਾ ਦਿਨ ਅਪਣੇ ਪੁੱਤਰ ਦੀ ਦੇਖਭਾਲ ਵਿਚ ਲੱਗੀ ਰਹਿੰਦੀ ਹੈ।
File Photo
ਪੀੜਤ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਵੱਡਾ ਬੇਟਾ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ, ਜਿਨ੍ਹਾਂ ਦਾ ਖ਼ੁਦ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਪੀੜਤ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਬੁਢਾਪੇ ਦਾ ਸਹਾਰਾ ਮੇਰਾ ਇਹ ਪੁੱਤਰ ਸੀ ਜੋ ਖ਼ੁਦ ਅਪਾਹਿਜ ਹੋ ਗਿਆ ਹੈ। ਉਸ ਨੇ ਪੰਜਾਬ ਸਰਕਾਰ ਸਮੇਤ ਸੂਬੇ ਦੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ।
File Photo
ਉਧਰ ਜਦੋਂ ਇਸ ਸਬੰਧੀ ਪੀੜਤ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਸੱਪ ਦੇ ਡੱਸਣ ਤੋਂ ਬਾਅਦ ਉਸ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਵਲੋਂ ਉਸ ਦਾ ਸਹੀ ਇਲਾਜ ਨਹੀਂ ਕੀਤਾ ਗਿਆ ਅਤੇ 10-12 ਦਿਨ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਇੰਨੀ ਹੈਸੀਅਤ ਨਹੀਂ ਕਿ ਉਹ ਕਿਸੇ ਚੰਗੇ ਹਸਪਤਾਲ ਵਿਚ ਅਪਣਾ ਇਲਾਜ ਕਰਵਾ ਸਕੇ।
File Photo
ਪਿੰਡ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਦੀ ਹਾਲਤ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹੈ। ਜੇਕਰ ਕੋਈ ਸਮਾਜ ਸੇਵੀ ਸੰਸਥਾ ਇਸ ਨੌਜਵਾਨ ਦਾ ਇਲਾਜ ਕਰਵਾ ਦੇਵੇ ਤਾਂ ਚੰਗਾ ਹੋਵੇਗਾ। ਸੱਪ ਦੇ ਡੱਸੇ ਇਸ ਨੌਜਵਾਨ ਦੀ ਹਾਲਤ ਕਿਸੇ ਤੋਂ ਲੁਕੀ ਛਿਪੀ ਨਹੀਂ, ਪਰ ਹੁਣ ਦੇਖਣਾ ਹੋਵੇਗਾ ਕਿ ਇਸ ਗ਼ਰੀਬ ਨੌਜਵਾਨ ਦੀ ਮਦਦ ਲਈ ਕਿਹੜੀ ਸਮਾਜ ਸੇਵੀ ਜਥੇਬੰਦੀ ਅੱਗੇ ਆਵੇਗੀ।