
ਭਾਜਪਾ ਮੇਰੇ ਕਤਲ ਦੀ ਸਾਜ਼ਸ਼ ਰਚ ਰਹੀ ਹੈ : ਮਮਤਾ
ਕਿਹਾ, ਅਪਣੀ ਰੈਲੀਆਂ 'ਚ ਘੱਟ ਭੀੜ ਤੋਂ ਨਿਰਾਸ਼ ਹਨ ਸ਼ਾਹ
ਮੇਜਿਆ (ਪਛਮੀ ਬੰਗਾਲ), 16 ਮਾਰਚ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿ੍ਣਮੂਲ ਕਾਂਗਰਸ ਦੇ ਆਗੂਆਂ ਨੂੰ ਪ੍ਰੇਸ਼ਾਨ ਕਰਨ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਅਤੇ ਹੈਰਾਨੀ ਜਤਾਈ ਕਿ ਕਿਤੇ ਚੋਣ ਕਮਿਸ਼ਨ ਉਨ੍ਹਾਂ ਦੇ ਇਸ਼ਾਰੇ 'ਤੇ ਤਾਂ ਕੰਮ ਨਹੀਂ ਕਰ ਰਿਹਾ? ਉਨ੍ਹਾਂ ਦਾਅਵਾ ਕੀਤਾ ਕਿ ਸ਼ਾਹ ਅਪਣੀਆਂ ਰੈਲੀਆਂ 'ਚ ਘੱਟ ਭੀੜ ਹੋਣ ਕਾਰਨ ਨਿਰਾਸ਼ ਹੋ ਗਏ ਹਨ |
ਮਮਤਾ ਨੇ ਇਹ ਦੋਸ਼ ਵੀ ਲਗਾਇਆ ਕਿ ਭਾਜਪਾ ਉਨ੍ਹਾਂ ਦਾ ਕਤਲ ਕਰਨ ਦੀ ਸਾਜ਼ਸ਼ ਰਚ ਰਹੀ ਹੈ ਕਿਉਂਕਿ ਪੂਰਬੀ ਮੇਦਿਨੀਪੁਰ ਦੇ ਨੰਦੀਗ੍ਰਾਮ 'ਚ ਪਿਛਲੇ ਹਫ਼ਤੇ ਉਨ੍ਹਾਂ ਦੇ ਜ਼ਖ਼ਮੀ ਹੋਣ ਦੇ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਸੁਰੱ ਖਿਆ ਨਿਰਦੇਸ਼ਕ ਵਿਵੇਕ ਸਹਾਏ ਨੂੰ ਵੀ ਹਟਾ ਦਿਤਾ ਹੈ |
ਨੰਦੀਗ੍ਰਾਮ 'ਚ ਅਪਣੇ ਉੱਤੇ ਹੋਏ ਕਥਿਤ ਹਮਲੇ ਦਾ ਜ਼ਿਕਰ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਕੋਈ ਵੀ ਉਨ੍ਹਾਂ ਨੂੰ ਭਾਜਪਾ ਵਿਰੁਧ ਅਪਣੀ ਲੜਾਈ ਅੱਗੇ ਲੈ ਜਾਣ ਤੋਂ ਰੋਕ ਨਹੀ ਸਕਦਾ | ਉਨ੍ਹਾਂ ਰੈਲੀ ਦੌਰਾਨ ਕਿਹਾ, ''ਅਮਿਤ ਸਾਹ ਨਿਰਾਸ਼ ਹੋ ਗਏ ਹਨ ਕਿਉਂਕਿ ਉਨ੍ਹਾਂ ਦੀਆਂ ਰੈਲੀਆਂ 'ਚ ਭੀੜ ਨਹੀਂ ਆ ਰਹੀ | ਦੇਸ਼ ਚਲਾਉਣ ਦੀ ਜਗ੍ਹਾ ਉਹ ਕੋਲਕਾਤਾ 'ਚ ਬੈਠੇ ਹਨ ਅਤੇ ਤਿ੍ਣਮੂਲ ਕਾਂਗਰਸ ਦੇ ਆਗੂਆਂ ਨੂੰ ਪ੍ਰੇਸ਼ਾਨ ਕਰਨ ਦੀ ਸਾਜ਼ਸ਼ ਰਚ ਰਹੇ ਹਨ | ਉਹ ਚਾਹੁੰਦੇ ਕੀ ਹਨ? ਕੀ ਉਹ ਸੋਚਦੇ ਹਨ ਕਿ ਉਹ ਮੈਨੂੰ ਮਾਰ ਕੇ ਚੋਣ ਜਿੱਤ ਜਾਣਗੇ? ਇਹ ਉਨ੍ਹਾਂ ਦੀ ਗ਼ਲਤੀ ਹੈ |'' (ਪੀਟੀਆਈ)