
ਸਾਰੇ ਸਰਕਾਰੀ ਬੈਂਕਾਂ ਦਾ ਨਹੀਂ ਕੀਤਾ ਜਾ ਰਿਹਾ ਨਿਜੀਕਰਨ : ਨਿਰਮਲਾ ਸੀਤਾਰਮਨ
ਨਵੀਂ ਦਿੱਲੀ, 16 ਮਾਰਚ : ਸਰਕਾਰੀ ਬੈਂਕਾਂ ਦੇ ਪ੍ਰਸਤਾਵਿਤ ਨਿਜੀਕਰਨ ਦੇ ਵਿਰੋਧ ਵਿਚ ਦੋ ਦਿਨ ਹੋਈ ਹੜਤਾਲ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੇ ਬੈਂਕਾਂ ਦਾ ਨਿਜੀਕਰਨ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਬੈਂਕ ਹਨ ਪਰ ਸਾਨੂੰ ਉਨ੍ਹਾਂ ਬੈਂਕਾਂ ਦੀ ਜ਼ਰੂਰਤ ਹੈ ਜੋ ਵੱਡੇ ਪੱਧਰ 'ਤੇ ਕੰਮ ਕਰ ਸਕਣ ਅਤੇ ਸਾਨੂੰ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐੱਸ. ਬੀ. ਆਈ. ਵਰਗੇ ਵੱਡੇ ਬੈਂਕਾਂ ਦੀ ਜ਼ਰੂਰਤ ਹੈ |
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨਿਜੀਕਰਨ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਸਟਾਫ਼ ਦੇ ਹਿਤਾਂ ਦੀ ਰਖਿਆ ਕੀਤੀ ਜਾਵੇਗੀ | ਨਿਰਮਲਾ ਸੀਤਾਰਮਨ ਨੇ ਕਿਹਾ ਕਿ ਤਨਖ਼ਾਹਾਂ, ਸਕੇਲ ਅਤੇ ਪੈਨਸ਼ਨ ਸੱਭ ਦਾ ਧਿਆਨ ਰਖਿਆ ਜਾਵੇਗਾ |
ਜ਼ਿਕਰਯੋਗ ਹੈ ਕਿ ਸਰਕਾਰ ਨੇ ਇਸ ਬਜਟ 2021 ਵਿਚ ਦੋ ਸਰਕਾਰੀ ਬੈਂਕਾਂ ਤੇ ਇਕ ਜਨਰਲ ਬੀਮਾ ਕੰਪਨੀ ਦਾ ਨਿੱਜੀਕਰਨ ਦਾ ਪ੍ਰਸਤਾਵ ਕੀਤਾ ਹੈ ਹਾਲਾਂਕਿ, ਇਹ ਕਿਹੜੇ ਬੈਂਕ ਹੋ ਸਕਦੇ ਹਨ ਉਨ੍ਹਾਂ ਦੇ ਨਾਂ ਅਜੇ ਸਾਹਮਣੇ ਨਹੀਂ ਆਏ | ਇਸ ਤੋਂ ਪਹਿਲਾਂ ਸਰਕਾਰ ਕਈ ਸਰਕਾਰੀ ਬੈਂਕਾਂ ਦਾ ਆਪਸ ਵਿਚ ਰਲੇਵਾਂ ਕਰ ਚੁੱਕੀ ਹੈ | (ਪੀਟੀਆਈ)