
ਰੇਲਵੇ ਦੇ ਨਿਜੀਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਰੇਲ ਮੰਤਰੀ
ਨਵੀਂ ਦਿੱਲੀ, 16 ਮਾਰਚ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁਧਵਾਰ ਨੂੰ ਸਪਸ਼ਟ ਕੀਤਾ ਕਿ ਰੇਲਵੇ ਦੇ ਨਿਜੀਕਰਨ ਦਾ ਕੋਈ ਸਵਾਲ ਹੀ ਨਹੀਂ ਹੈ ਅਤੇ ਇਸ ਬਾਰੇ ਕਹੀਆਂ ਗਈਆਂ ਸਾਰੀਆਂ ਗੱਲਾਂ ‘ਕਾਲਪਨਿਕ’ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਜ਼ਰ ’ਚ ‘ਰਣਨੀਤਕ ਖੇਤਰ’ ਦੇ ਰੂਪ ’ਚ ਰੇਲਵੇ ਦੀ ਸਮਾਜਕ ਜਵਾਬਦੇਹੀ ਹੈ ਜਿਸ ਨੂੰ ਵਪਾਰਕ ਵਿਵਹਾਰਤਾ ’ਤੇ ਧਿਆਨ ਦਿੰਦੇ ਹੋਏ ਪੂਰਾ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਨੇ ਇਹ ਵੀ ਕਿਹਾ ਕਿ ਭਰਤੀ ਨੂੰ ਲੈ ਕੇ ਵਿਦਿਆਰਥੀਆਂ ਨਾਲ ‘ਗ਼ਲਤਫਹਿਮੀ’ ਨੂੰ ਰੇਲਵੇ ਨੇ ਹਮਦਰਦੀ ਨਾਲ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ, “ਭਰਤੀ ’ਤੇ ਕੋਈ ਪਾਬੰਦੀ ਨਹੀਂ ਹੈ... 1.14 ਲੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ।’’
‘ਸਾਲ 2022-23 ਲਈ ਰੇਲ ਮੰਤਰਾਲੇ ਦੇ ਨਿਯੰਤਰਣ ਅਧੀਨ ਗ੍ਰਾਂਟਾਂ ਦੀ ਮੰਗ ’ਤੇ ਚਰਚਾ’ ਦੇ ਜਵਾਬ ਵਿਚ ਰੇਲ ਮੰਤਰੀ ਨੇ ਕਿਹਾ, “ਰੇਲਵੇ ਦੇ ਨਿਜੀਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਬਾਰੇ ਕਹੀਆਂ ਗਈਆਂ ਗੱਲਾਂ ਕਾਲਪਨਿਕ ਹਨ।’’ ਉਨ੍ਹਾਂ ਕਿਹਾ ਕਿ ਰੇਲਵੇ ਦਾ ਨਿਜੀਕਰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਟ੍ਰੈਕ ਰੇਲਵੇ ਦੇ, ਇੰਜਣ ਰੇਲਵੇ ਦੇ, ਸਟੇਸਨ ਅਤੇ ਪਾਵਰ ਲਾਈਨ ਰੇਲਵੇ ਦੇ ਹਨ। ਇਸ ਤੋਂ ਇਲਾਵਾ ਕੋਚ ਅਤੇ ਸਿਗਨਲ ਸਿਸਟਮ ਵੀ ਰੇਲਵੇ ਦਾ ਹੀ ਹੈ।
ਵੈਸ਼ਨਵ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਪੀਯੂਸ ਗੋਇਲ ਨੇ ਵੀ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਰੇਲਵੇ ਢਾਂਚਾ ਗੁੰਝਲਦਾਰ ਹੈ ਅਤੇ ਇਸ ਦਾ ਨਿਜੀਕਰਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਾਲ ਗੱਡੀਆਂ ਦਾ ਵੀ ਨਿਜੀਕਰਨ ਨਹੀਂ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਨੇ ਕਿਹਾ, ‘‘ਸਰਕਾਰ ਦੀ ਨਜ਼ਰ ’ਚ ‘ਰਣਨੀਤਕ ਖੇਤਰ’ ਵਜੋਂ ਰੇਲਵੇ ਦੀ ਸਮਾਜਕ ਜਵਾਬਦੇਹੀ ਹੈ। ਇਸ ਦਾ ਹੁਣ ਤਕ ਪਾਲਣ ਕੀਤਾ ਗਿਆ ਹੈ ਅਤੇ ਅੱਗੇ ਵੀ ਜਾਰੀ ਰਹੇਗਾ। ਇਹ ਵਪਾਰਕ ਵਿਵਹਾਰਤਾ ’ਤੇ ਧਿਆਨ ਕੇਂਦ੍ਰਤ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। (ਏਜੰਸੀ)