
ਜੇਕਰ ਮਾਰਚ ਮਹੀਨੇ ਵਿਚ ਇੰਨੀ ਗਰਮੀ ਪੈਣੀ ਸ਼ੁਰੂ ਹੋ ਗਈ ਤਾਂ ਇਹ ਜੂਨ ਵਿਚ ਕੀ ਰੰਗ ਦਿਖਾਏਗੀ।
ਚੰਡੀਗੜ੍ਹ - ਮੌਸਮ ਵਿਚ ਦਿਨੋ ਦਿਨ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ ਤੇ ਗਰਮੀ ਵਧਣੀ ਸ਼ੁਰੂ ਹੋ ਗਈ ਹੈ, ਘਰਾਂ ਵਿਚ ਪੱਖੇ ਚੱਲਣੇ ਸ਼ੁਰੂ ਹੋ ਗਏ ਹਨ ਤੇ ਲੋਕ ਕੂਲਰ ਵੀ ਸਾਫ਼ ਕਰਨ ਲੱਗ ਪਏ ਹਨ। ਅਚਾਨਕ ਮੌਸਮ ਵਿਚ ਹੋਏ ਬਦਲਾਅ ਨਾਲ ਤਾਪਮਾਨ ’ਚ ਵਾਧੇ ਕਾਰਨ ਲੋਕ ਦੁਚਿੱਤੀ ਵਿਚ ਹਨ ਕਿ ਜੇਕਰ ਮਾਰਚ ਮਹੀਨੇ ਵਿਚ ਇੰਨੀ ਗਰਮੀ ਪੈਣੀ ਸ਼ੁਰੂ ਹੋ ਗਈ ਤਾਂ ਇਹ ਜੂਨ ਵਿਚ ਕੀ ਰੰਗ ਦਿਖਾਏਗੀ।ਜੇਕਰ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਨਵੰਬਰ ਦੀ ਸ਼ੁਰੂਆਤ ਤੱਕ ਇੰਨੀ ਠੰਡ ਨਹੀਂ ਪਈ ਸੀ ਪਰ ਉਸ ਤੋਂ ਬਾਅਦ ਦਸੰਬਰ, ਜਨਵਰੀ ਵਿਚ ਇੰਨੀ ਠੰਡ ਹੋ ਗਈ ਕਿ ਪਿਛਲੇ 10 ਸਾਲਾਂ ਵਿਚ ਪਈ ਸਰਦੀ ਦਾ ਰਿਕਾਰਡ ਟੁੱਟ ਗਿਆ।
Summer Season
ਇਹੀ ਸਥਿਤੀ ਗਰਮੀਆਂ ਨੂੰ ਲੈ ਕੇ ਵੀ ਦਿਖਾਈ ਦੇਣ ਲੱਗ ਪਈ ਹੈ, ਲੋਕ ਹੁਣ ਤੋਂ ਹੀ ਗਰਮੀ ਤੋਂ ਪਰੇਸ਼ਾਨ ਹੋ ਗਏ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਸ਼ਹਿਰ ਦਾ ਪਾਰਾ (ਤਾਪਮਾਨ) 28 ਡਿਗਰੀ ਦੇ ਕਰੀਬ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੂਰੇ ਦਿਨ ਦਾ ਤਾਪਮਾਨ 38 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ’ਚ ਮੌਸਮ ਖੁਸ਼ਕ ਅਤੇ ਇਸੇ ਤਰ੍ਹਾਂ ਗਰਮ ਰਹਿਣ ਵਾਲਾ ਹੈ।
Summer Season
ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਮੌਸਮ ਵਿਚ ਆਈ ਤਬਦੀਲੀ ਤੋਂ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿਚ ਗਲੋਬਲ ਵਾਰਮਿੰਗ ਮਨੁੱਖ ਜਾਤੀ ਲਈ ਘਾਤਕ ਸਾਬਤ ਹੋਵੇਗੀ। ਗਰਮੀ ਵਧਣ ਨਾਲ ਪੱਖੇ ਅਤੇ ਕੂਲਰਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।