
100 ਕਿਲੋ ਤੋਂ ਲੈ ਕੇ ਢਾਈ ਕੁਇੰਟਲ ਤਕ ਚੁੱਕ ਲੈਂਦੀ ਹੈ ਭਾਰ
ਪੰਜਾਬ ਦੀਆਂ ਧੀਆਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣੇ ਜੌਹਰ ਦਿਖਾਏ ਤੇ ਨਾਮਣੇ ਖੱਟੇ ਹਨ, ਚਾਹੇ ਉਹ ਸਿਖਿਆ, ਖੇਡਾਂ ਜਾਂ ਫਿਰ ਰਾਜਨੀਤੀ ਆਦਿ ਹੋਵੇ। ਪੰਜਾਬ ਦੀਆਂ ਧੀਆਂ ਨੇ ਬਾਹਰਲੇ ਮੁਲਕਾਂ ਵਿਚ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਦੋਂ ਅਸੀਂ ਪੰਜਾਬ ਦੀਆਂ ਲੜਕੀਆਂ ਦੀ ਗੱਲ ਕਰਦੇ ਹਾਂ ਤਾਂ ਹਰ ਖੇਤਰ ਵਿਚ ਸਭ ਤੋਂ ਅੱਗੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਅਜਿਹੀ ਹੀ ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬਾਠੇ ਦੀ ਹੋਣਹਾਰ ਧੀ ਜਗਰੀਤ ਕੌਰ ਹੈ ਜੋ ਵੇਟ ਲਿਫ਼ਟਿੰਗ ਦੀ ਖਿਡਾਰਣ ਹੈ, ਜਿਸ ਨੇ ਪੰਜ ਵਾਰ ਸੋਨ ਤਮਗ਼ੇ ਜਿੱਤੇ ਹਨ ਤੇ ਆਪਣੇ ਦੇਸ਼, ਪੰਜਾਬ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਰੋਜ਼ਾਨਾ ਸਪੋਸਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਜਗਰੀਤ ਕੌਰ ਨੇ ਕਿਹਾ ਕਿ ਮੇਰੇ ਨਾਨਾ ਜੀ ਨੇ ਇਕ ਸਾਲ ਪਹਿਲਾਂ ਵੇਟ ਲਿਫ਼ਟਿੰਗ ਸੈਂਟਰ ’ਚ ਟਰੇਨਿੰਗ ਲੈਣ ਲਈ ਲਗਵਾਇਆ ਸੀ, ਜਿਸ ਨੂੰ ਅਮਜਦ ਖ਼ਾਨ ਚਲਾਉਂਦੇ ਹਨ ਤੇ ਉਹ ਹੀ ਮੇਰੇ ਉਸਤਾਦ ਵੀ ਹਨ। ਮੇਰੇ ਮਾਤਾ ਤੇ ਨਾਨਾ ਜੀ ਨੇ ਮੈਨੂੰ ਬਹੁਤ ਸਹਿਯੋਗ ਦਿਤਾ ਤੇ ਸਾਰੇ ਪਰਿਵਾਰ ਨੇ ਮਿਲ ਕੇ ਮੇਰਾ ਪੂਰਾ ਸਮਰਥਨ ਕੀਤਾ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਨੂੰ ਇੰਨੇ ਚੰਗੇ ਮਾਪੇ, ਪਰਿਵਾਰ ਤੇ ਉਸਤਾਦ ਮਿਲਿਆ ਹੈ। ਮੈਂ ਸਟੇਟ ’ਚੋਂ ਪੰਜ ਸੋਨ ਤਮਗ਼ੇ ਜਿੱਤੇ ਹਨ
photo
ਤੇ ਮੈਨੂੰ ਸਟਰੌਂਗ ਵੂਮੈਨ ਦਾ ਖ਼ਿਤਾਬ ਵੀ ਮਿਲਿਆ ਹੈ ਅਤੇ ਨਾਰਥ ਇੰਡੀਆ ਵਿਚ ਮੇਰਾ ਸੋਨ ਤਮਗ਼ਾ ਹੈ ਤੇ ਨੈਸ਼ਨਲ ਵਿਚੋਂ ਵੀ ਤਮਗ਼ਾ ਹੈ। ਸਾਡੇ ਇਲਾਕੇ ਵਿਚ ਜਦੋਂ ਵੀ ਕੋਈ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਤਾਂ ਮੇਰਾ ਵਿਸ਼ੇਸ਼ ਤੌਰ ’ਤੇ ਵਿਤੀ ਰਾਸ਼ੀ, ਟ੍ਰਾਫ਼ੀਆਂ ਆਦਿ ਦੇ ਕੇ ਸਨਮਾਨ ਕੀਤਾ ਜਾਂਦਾ ਹੈ। ਇੰਨਾ ਕੁੱਝ ਹਾਸਲ ਕਰਨ ਲਈ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮੈਂ ਰੋਜ਼ ਘੱਟੋ-ਘੱਟ 6 ਤੋਂ 7 ਘੰਟੇ ਪ੍ਰੈਕਟਿਸ ਕਰਦੀ ਹਾਂ। ਜਦੋਂ ਮੈਂ 6 ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਮੇਰੇ ਨਾਨਾ ਜੀ ਨੇ ਸਾਨੂੰ ਆਪਣੇ ਕੋਲ ਰੱਖਿਆ ਤੇ ਉਨ੍ਹਾਂ ਨੇ ਹੀ ਮੈਨੂੰ ਹੌਂਸਲਾ ਦਿਤਾ ਤੇ ਇਸ ਮੁਕਾਮ ਤਕ ਪਹੁੰਚਾਇਆ।
ਮੈਨੂੰ ਮੇਰੀ ਮਾਤਾ, ਮਾਸੀ, ਨਾਨਾ ਤੇ ਉਸਤਾਦ ਜੀ ਦੇ ਸਾਰੇ ਪਰਿਵਾਰ ਦਾ ਪੂਰਾ ਸਮਰਥਨ ਹੈ। ਮੈਂ ਮਾਲੇਰਕੋਟਲਾ ਦੇ ਹਰਫ਼ ਕਾਲਜ ’ਚ ਬੀਏ ਕਰ ਰਹੀ ਹਾਂ। ਇਸ ਸਮੇਂ ਮੈਂ 100 ਕਿਲੋ ਤੋਂ ਲੈ ਕੇ ਢਾਈ ਕੁਇੰਟਲ ਤਕ ਦਾ ਭਾਰ ਚੁੱਕ ਰਹੀ ਹਾਂ ਤੇ ਇਹ ਭਾਰ ਮੇਰੇ ਪਰਿਵਾਰ ਵਲੋਂ ਦਿਤੇ ਹੌਸਲੇ ਅੱਗੇ ਕੁੱਝ ਵੀ ਨਹੀਂ ਹੈ। ਮੈਂ ਹਾਲੇ ਹੋਰ ਬਹੁਤ ਸਾਰੇ ਰਿਕਾਰਡ ਤੋੜਨੇ ਹਨ। ਮੈਂ ਪੰਜਾਬ ਸਰਕਾਰ ਨੂੰ ਇਹੋ ਹੀ ਬੇਨਤੀ ਕਰਾਂਗੀ ਕਿ ਜਿਹੜੇ ਚੰਗੇ ਖਿਡਾਰੀ ਹਨ ਉਨ੍ਹਾਂ ਦੀ ਸਪੋਟ ਕਰੇ, ਵਿਤੀ ਸਹਾਇਤਾ ਤੇ ਉਨ੍ਹਾਂ ਨੂੰ ਨੌਕਰੀਆਂ ਦੇਵੇ।
photo
ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਇਸੇ ਕਾਰਨ ਖੇਡਾਂ ਵੱਲ ਘੱਟ ਜਾਂਦੇ ਹਨ ਕਿਉਂਕਿ ਕਈ ਤਾਂ ਗ਼ਰੀਬੀ ਕਾਰਨ ਤੇ ਕਈ ਮਿਹਨਤ ਕਰ ਕੇ ਸਟੇਟ ਲੈਵਲ ਤਕ ਖੇਡਦੇ ਹਨ ਪਰ ਸਰਕਾਰਾਂ ਉਨ੍ਹਾਂ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ ਤੇ ਖਿਡਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰ ਸੂਬੇ ਆਪਣੇ ਖਿਡਾਰੀਆਂ ਨੂੰ ਹਰ ਇਕ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਹਨ ਪਰ ਪੰਜਾਬ ਵਿਚ ਨਹੀਂ। ਜੇ ਸਰਕਾਰਾਂ ਖਿਡਾਰੀਆਂ ਦਾ ਸਾਥ ਦੇਣ ਤਾਂ ਸਾਡੇ ਦੇਸ਼ ਤੇ ਪੰਜਾਬ ਨਾਮ ਵਿਸ਼ਵ ਪੱਧਰ ’ਤੇ ਫੈਲ ਸਕਦਾ ਹੈ।
photo