
Sangrur Eye Infection News: ਹਸਪਤਾਲ 'ਚ ਦਾਖ਼ਲ ਕਰਵਾਏ ਲੋਕ
Sangrur Eye Infection latest News in punjabi: ਸੰਗਰੂਰ 'ਚ ਐਤਵਾਰ ਨੂੰ ਸਥਾਨਕ ਮਾਤਾ ਕਾਲੀ ਦੇਵੀ ਮੰਦਰ ਵਿਚ ਗੰਜਾਪਣ ਦੂਰ ਕਰਨ ਲਈ ਲਾਏ ਕੈਂਪ ਦੌਰਾਨ ਸਿਰ 'ਤੇ ਕੋਈ ਤੇਲ ਲਾਉਣ ਨਾਲ ਕਰੀਬ 20 ਲੋਕਾਂ ਦੀਆਂ ਅੱਖਾਂ ਵਿਚ ਇਨਫੈਕਸ਼ਨ ਹੋ ਗਈ। ਅੱਖਾਂ ਵਿਚ ਹੁੰਦੇ ਦਰਦ ਨਾਲ ਤੜਫਦੇ ਹੋਏ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ, ਸ਼ਹਿਰ ਦੇ ਮਾਤਾ ਕਾਲੀ ਦੇਵੀ ਮੰਦਰ ਵਿਚ ਸਿਰ 'ਤੇ ਦੁਬਾਰਾ ਬਾਲ ਲਿਆਉਣ ਲਈ ਕੈਂਪ ਲਾਇਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਲੋਕ ਪੁੱਜੇ ਸਨ ਪ੍ਰੰਤੂ ਕੈਂਪ ਵਿਚ ਜਦੋਂ ਲੋਕਾਂ ਦੇ ਸਿਰ 'ਤੇ ਤੇਲ ਲਾਇਆ ਗਿਆ, ਜਿਸ ਨਾਲ ਲੋਕਾਂ ਦੀਆਂ ਅੱਖਾਂ ਸੁੱਜ ਗਈਆਂ, ਲਾਲੀ ਆ ਗਈ ਅਤੇ ਬਹੁਤ ਜ਼ਿਆਦਾ ਦਰਦ ਹੋਣ ਲੱਗਾ।
ਦਰਦ ਨਾਲ ਤੜਫਦੇ ਹੋਏ ਲੋਕ ਐਮਰਜੈਂਸੀ ਪੁੱਜਣ ਲੱਗੇ। ਦੇਖਦਿਆਂ- ਦੇਖਦਿਆਂ ਲੋਕਾਂ ਦੀ ਗਿਣਤੀ ਵਧਣ ਲੱਗ ਗਈ। ਐਮਰਜੈਂਸੀ ਵਿਚ ਤਾਇਨਾਤ ਡਾਕਟਰ ਮੁਤਾਬਕ ਹੁਣ ਤੱਕ 20 ਲੋਕ ਆਪਣਾ ਇਲਾਜ ਕਰਵਾਕੇ ਚਲੇ ਗਏ ਹਨ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਅੱਖਾਂ ਦੇ ਮਾਹਿਰ ਨੂੰ ਦੁਬਾਰਾ ਦਿਖਾਉਣ ਦੀ ਸਲਾਹ ਦਿੱਤੀ ਗਈ। ਐਮਰਜੈਂਸੀ ਵਿਚ ਇਲਾਜ ਲਈ ਪੁੱਜੇ ਬ੍ਰਿਜ ਮੋਹਨ, ਸੰਜੇ, ਪਿੰਕੀ, ਅਲਕ, ਸੰਜੀਵ ਕੁਮਾਰ, ਜਸਵੀਰ ਸਿੰਘ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਪੂਲ ਕੁਮਾਰ, ਬਿੱਟੂ, ਰਾਜ ਅਤੇ ਰਾਜੂ ਨੇ ਦੱਸਿਆ ਉਹ ਕੈਂਪ ਵਿਚ ਸਿਰ 'ਤੇ ਦੁਬਾਰਾ ਵਾਲ ਲਿਆਉਣ ਦੀ ਉਮੀਦ ਨਾਲ ਪੁੱਜੇ ਸਨ ਪ੍ਰੰਤੂ ਕੈਂਪ ਵਿਚ ਉਨ੍ਹਾਂ ਦੇ ਸਿਰ 'ਤੇ ਤੇਲ ਲਾ ਕੇ ਕਹਿ ਦਿੱਤਾ ਕਿ ਘਰ ਜਾ ਕੇ 10-15 ਮਿੰਟ ਬਾਅਦ ਸਿਰ ਨੂੰ ਧੋ ਲਿਆ ਜਾਵੇ ਪ੍ਰੰਤੂ ਜਦੋਂ ਲੋਕਾਂ ਨੇ ਘਰ ਪੁੱਜ ਕੇ ਆਪਣਾ ਸਿਰ ਧੋਇਆ ਤਾਂ ਅਚਾਨਕ ਉਨ੍ਹਾਂ ਦੀਆਂ ਅੱਖਾਂ ਵਿਚ ਲਾਲੀ ਆਉਣ ਦੇ ਨਾਲ-ਨਾਲ ਤੇਜ਼ ਦਰਦ ਹੋਣ ਲੱਗ ਪਿਆ ਅਤੇ ਇਸ ਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਆਉਣਾ ਪਿਆ।
ਡਾਕਟਰ ਗੀਤਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 25 ਤੋਂ 30 ਮਰੀਜ਼ ਅਜਿਹੇ ਆਏ ਹਨ, ਜਿਨ੍ਹਾਂ ਦੀਆਂ ਅੱਖਾਂ ਵਿਚ ਦਰਦ ਹੋਣ ਦੀ ਸ਼ਿਕਾਇਤ ਹੈ। ਉਨ੍ਹਾਂ ਕਿਹਾ ਕਿ ਲੋਕ ਸਿਰਫ਼ ਅੱਖਾਂ ਵਿਚ ਛਿੱਟੇ ਮਾਰਕੇ ਨਾ ਸੋਚਣ ਵੀ ਅੱਖਾਂ ਠੀਕ ਹੋ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਹਸਪਤਾਲ ਆਉਣ ਅਤੇ ਅੱਖਾਂ ਵਿਚ ਦਵਾਈ ਦੀਆਂ ਬੂੰਦਾਂ ਪਵਾਉਣ ਦੇ ਨਾਲ-ਨਾਲ ਆਪਣਾ ਸਹੀ ਇਲਾਜ ਕਰਵਾਉਣ।
ਐਸਡੀਐਮ ਚਰਨਜੋਤ ਸਿੰਘ ਵਾਲੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿਚ ਲੱਗੇ ਇਸ ਕੈਂਪ ਨੂੰ ਲਾਉਣ ਸੰਬੰਧੀ ਪ੍ਰਸ਼ਾਸਨ ਤੋਂ ਕੋਈ ਮਨਜੂਰੀ ਨਹੀਂ ਲਈ ਗਈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈੰਪ ਪ੍ਰਬੰਧਕਾਂ ਤੇ ਕਾਰਵਾਈ ਕੀਤੀ ਜਾਵੇਗੀ।