
ਮੁੰਬਈ 'ਚ ਪ੍ਰਵਾਸੀਆਂ ਦੇ ਪ੍ਰਦਰਸ਼ਨ ਮਾਮਲੇ 'ਚ ਗ੍ਰਿਫ਼ਤਾਰ ਪੱਤਰਕਾਰ ਨੂੰ ਜ਼ਮਾਨਤ ਮਿਲੀ
ਨਵੀਂ ਦਿੱਲੀ, 16 ਅਪ੍ਰੈਲ : ਮੁੰਬਈ ਦੀ ਅਦਾਲਤ ਨੇ ਅਪਣੀ ਖ਼ਬਰ ਵਿਚ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਟੀਵੀ ਪੱਤਰਕਾਰ ਨੂੰ ਜ਼ਮਾਨਤ ਦੇ ਦਿਤੀ ਹੈ। ਪੱਤਰਕਾਰ 'ਤੇ ਦੋਸ਼ ਹੈ ਕਿ ਉਸ ਨੇ ਅਪਣੀ ਖ਼ਬਰ ਵਿਚ ਕਿਹਾ ਸੀ ਕਿ ਸਰਕਾਰ ਪ੍ਰਵਾਸੀ ਮਜ਼ਦੂਰਾਂ ਲਈ ਆਮ ਟਰੇਨ ਸੇਵਾ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਦੋਸ਼ ਹੈ ਕਿ ਉਸ ਦੀ ਇਸ ਖ਼ਬਰ ਕਾਰਨ ਬਾਂਦਰਾ ਵਿਚ ਭੀੜ ਇਕੱਠੀ ਹੋ ਗਈ ਸੀ।
ਮਰਾਠੀ ਟੀਵੀ ਚੈਨਲ ਦੇ ਪੱਤਰਕਾਰ ਰਾਹੁਲ ਕੁਲਕਰਨੀ ਨੂੰ ਮੁੰਬਈ ਪੁਲਿਸ ਨੇ ਕਲ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਨੂੰ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਬਾਂਦਰਾ ਦੇ ਰੇਲਵੇ ਸਟੇਸ਼ਨ 'ਤੇ ਇਕੱਠੇ ਹੋ ਗਏ ਸਨ। ਉਹ ਅਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦਾ ਸੀ। ਜਦ ਰੇਲਾਂ ਨਾ ਆਈਆਂ ਤਾਂ ਉਨ੍ਹਾਂ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਸੀ। ਕੁਲਕੁਰਨੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ ਪਰ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੀ ਮੰਗ ਰੱਦ ਕਰ ਦਿਤੀ। ਬਾਅਦ ਵਿਚ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਿਤੀ ਤਾਂ ਅਦਾਲਤ ਨੇ 15 ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਉਸ ਨੂੰ ਜ਼ਮਾਨਤ ਦੇ ਦਿਤੀ।