
ਕੋਵਿਡ 19 ਦੇ ਚਲਦੇ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਕੋਈ ਵੀ ਮਕਾਨ ਜਾਂ ਦੁਕਾਨ ਮਾਲਕ ਅਪਣੇ ਕਿਰਾਏਦਾਰ ਨੂੰ ਕਿਰਾਏ ਦੀ ਅਦਾਇਗੀ ਲਈ ਮਜਬੂਰ ਨਹੀਂ
ਖਰੜ, 16 ਅਪ੍ਰੈਲ (ਪਪ): ਕੋਵਿਡ 19 ਦੇ ਚਲਦੇ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਕੋਈ ਵੀ ਮਕਾਨ ਜਾਂ ਦੁਕਾਨ ਮਾਲਕ ਅਪਣੇ ਕਿਰਾਏਦਾਰ ਨੂੰ ਕਿਰਾਏ ਦੀ ਅਦਾਇਗੀ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਅਜਿਹਾ ਕਰਨ ਵਾਲੇ ਦੁਕਾਨ ਜਾਂ ਮਕਾਨ ਮਾਲਕ ਵਿਰੁਧ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਨੇ ਇਸ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਕਿਰਾਏਦਾਰਾਂ ਨੂੰ ਕਿਰਾਏ ਦੀ ਅਦਾਇਗੀ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
ਜੇ ਕੋਈ ਮਾਲਕ ਅਜਿਹਾ ਕਰਦਾ ਹੈ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਕਣਕ ਦੀ ਖ਼ਰੀਦ ਬਾਰੇ ਉਨ੍ਹਾਂ ਕਿਹਾ ਕਿ ਖਰੜ ਤਹਿਸੀਲ ਵਿਚ ਪੈਂਦੀਆਂ ਸਾਰੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਕੰਮ ਆਰੰਭ ਹੋ ਗਿਆ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖ ਕੇ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਵਲੋਂ ਕਰਫ਼ਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਰਫ਼ਿਊ ਦੇ ਬਾਵਜੂਦ ਸੜਕਾਂ, ਗਲੀਆਂ ਵਿਚ ਬਿਨਾਂ ਵਜ੍ਹਾ ਘੁੰਮਦੇ ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁਧ ਧਾਰਾ 188 ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਖ਼ੁਦ ਡੀਐਸਪੀ ਖਰੜ ਦੇ ਨਾਲ ਸ਼ਹਿਰ ਦਾ ਦੌਰਾ ਕਰ ਕੇ ਅਜਿਹੀਆਂ ਕੁੱਝ ਗੱਡੀਆਂ ਜ਼ਬਤ ਕੀਤੀਆਂ ਹਨ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਮਾਮਲੇ ਕਰਜ ਕੀਤੇ ਗਏ ਹਨ। ਖਰੜ ਵਿਚ ਦੁਕਾਨਦਾਰਾਂ ਵਲੋਂ ਥੋਕ ਦੁਕਾਨਾਂ 'ਚ ਖ਼ਰੀਦਦਾਰੀ ਆਦਿ ਲਈ ਜਾਣ ਵਾਸਤੇ ਪਹਿਲਾਂ ਬਣਾਏ ਜਾਂਦੇ ਪਾਸਾਂ 'ਤੇ ਰੋਕ ਲਗਾਏ ਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜੈਨ ਨੇ ਕਿਹਾ ਕਿ ਜੇ ਕਿਸੇ ਦੁਕਾਨਦਾਰ ਦਾ ਪਾਸ ਬਣਨ ਤੋਂ ਰਹਿ ਗਿਆ ਹੈ ਤਾਂ ਉਹ ਦੁਕਾਨਦਾਰਾਂ ਦੀ ਸੰਸਥਾ ਤੋਂ ਅਪਣੇ ਦੁਕਾਨਦਾਰ ਹੋਣ ਬਾਰੇ ਲਿਖਵਾ ਕੇ ਦੇਵੇ ਤਾਂ ਉਸ ਦਾ ਪਾਸ ਬਣਾ ਦਿਤਾ ਜਾਵੇਗਾ।