
ਕੋਰੋਨਾ ਮਹਾਂਮਾਰੀ ਕਾਰਨ ਸੀਲ ਕੀਤੇ ਪਿੰਡ ਜਵਾਹਰਪੁਰ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਡੇਰਾਬੱਸੀ ਵਿਖੇ ਘੁੰਮਦਿਆਂ ਨੂੰ ਕਾਬੂ ਕੀਤਾ ਹੈ
ਡੇਰਾਬੱਸੀ, 16 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ): ਕੋਰੋਨਾ ਮਹਾਂਮਾਰੀ ਕਾਰਨ ਸੀਲ ਕੀਤੇ ਪਿੰਡ ਜਵਾਹਰਪੁਰ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਡੇਰਾਬੱਸੀ ਵਿਖੇ ਘੁੰਮਦਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਜਣਿਆਂ ਵਿਰੁਧ ਲੋਕ ਸੇਵਕ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਮਗਰੋਂ ਬਾਅਦ ਵਿਚ ਬਰਜ਼ਮਾਨਤ ਰਿਹਾਅ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਤਫ਼ਤੀਸ਼ੀ ਅਫ਼ਸਰ ਏਐਸਆਈ ਅਸ਼ੋਕ ਕੁਮਾਰ ਨੇ ਦਸਿਆ ਕਿ ਪਿੰਡ ਵਿਚ ਫੈਲੀ ਘਾਤਕ ਬੀਮਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਪੱਬਾਂ ਭਾਰ ਹੈ।
ਕੋਰੋਨਾ ਵਾਇਰਸ ਦਾ ਫੈਲਾਅ ਹੋਰ ਅੱਗੇ ਨਾ ਵਧ ਜਾਵੇ, ਅਹਤਿਆਤ ਵਜੋਂ ਜਵਾਹਰਪੁਰ ਸਮੇਤ ਇਲਾਕੇ ਦੇ ਤਿੰਨ ਹੋਰ ਪਿੰਡ ਵੀ ਸੀਲ ਕੀਤੇ ਹੋਏ ਹਨ। ਉਨ੍ਹਾਂ ਦਸਿਆ ਕਿ ਪਿੰਡ ਦੇ ਚਰਨਪ੍ਰੀਤਪਾਲ ਸਿੰਘ ਵਾਸੀ ਜਵਾਹਰਪੁਰ ਗੁਲਾਬਗੜ੍ਹ ਰੋਡ ਨੇੜੇ ਪੈਰਾਡਾਈਜ਼ ਕਾਲੋਨੀ ਦੀ ਗਲੀ ਨੰਬਰ 10 ਕੋਲ ਅਪਣੇ ਮੋਟਰਸਾਈਕਲ 'ਤੇ ਘੁੰਮ ਰਿਹਾ ਸੀ ਜਦਕਿ ਗੁਰਦਿਆਲ ਸਿੰਘ ਵਾਸੀ ਜਵਾਹਰਪੁਰ ਡੇਰਾਬੱਸੀ ਦੇ ਫ਼ਾਇਰ ਬ੍ਰਿਗੇਡ ਦਫ਼ਤਰ ਕੋਲ ਸਕੂਟਰ 'ਤੇ ਘੁੰਮਦਾ ਹੋਇਆ ਮਿਲਿਆ। ਇਹ ਦੋਵੇਂ ਪੁਲਿਸ ਪਾਰਟੀ ਨੂੰ ਵੇਖ ਕੇ ਅਪਣਾ ਸਕੂਟਰ ਅਤੇ ਮੋਟਰਸਾਈਕਲ ਸਟਾਰਟ ਕਰ ਕੇ ਫ਼ਰਾਰ ਹੋਣ ਲੱਗੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਹਾਂ ਜਣਿਆਂ ਵਿਰੁਧ ਆਈਪੀਸੀ ਦੀ ਧਾਰਾ 188, 269, 270, 271 ਤਹਿਤ ਮਾਮਲਾ ਦਰਜ ਕੀਤਾ ਹੈ।