
ਕਣਕ ਦਾ ਢਾਈ ਤੋਂ ਤਿੰਨ ਕੁਵਿੰਟਲ ਨਿਕਲ ਰਿਹਾ ਵਿੱਘੇ ਦਾ ਝਾੜ
ਬਨੂੜ, 16 ਅਪ੍ਰੈਲ (ਅਵਤਾਰ ਸਿੰਘ): ਕਣਕ ਦੀ ਆਰੰਭ ਹੋਈ ਵਾਢੀ ਦੇ ਮੁੱਢਲੇ ਦੌਰ ਵਿੱਚ ਮੰਡੀਆਂ ਵਿੱਚ ਆਈ ਕਣਕ ਦੇ ਝਾੜ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਲਿਆ ਦਿੱਤੀ ਹੈ। ਬਨੂੜ ਖੇਤਰ ਵਿੱਚ ਪਿਛਲੇ ਵਰ੍ਹੇ ਜਿਨ੍ਹਾਂ ਖੇਤਾਂ ਵਿੱਚ ਚਾਰ ਤੋਂ ਸਾਢੇ ਚਾਰ ਕੁਵਿੰਟਲ ਪ੍ਰਤੀ ਵਿੱਘਾ ਕਣਕ ਦਾ ਨਿਕਾਲ ਹੋਇਆ ਸੀ, ਤਾਜ਼ਾ ਵਢਾਈ ਵਿੱਚ ਉਹ ਢਾਈ ਤੋਂ ਤਿੰਨ ਕੁਵਿੰਟਲ ਪ੍ਰਤੀ ਵਿੱਘੇ ਆ ਗਿਆ ਹੈ।
ਪਿਛਲੇ ਦੋ ਦਿਨਾਂ ਦੌਰਾਨ ਬਨੂੜ ਮੰਡੀ ਵਿੱਚ ਸਮੁੱਚੇ ਪਿੰਡਾਂ ਤੋਂ ਕਣਕ ਵੇਚਣ ਆਏ ਕਿਸਾਨਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਤਕੀਂ ਕਣਕ ਦਾ ਝਾੜ ਕਾਫ਼ੀ ਜ਼ਿਆਦਾ ਘਟ ਗਿਆ ਹੈ ਤੇ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਠੇਕੇ ਉੱਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਇਸ ਤੋਂ ਹੋਰ ਵੀ ਵੱਧ ਪ੍ਰਭਾਵਿਤ ਹਨ। ਕਿਸਾਨਾਂ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਆਈਆਂ ਤੇਜ਼ ਹਵਾਵਾਂ ਨਾਲ ਕਣਕ ਡਿੱਗਣ ਕਾਰਨ ਝਾੜ ਉੱਤੇ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਤੂੜੀ ਵੀ ਬਹੁਤ ਘੱਟ ਬਣੇਗੀ।
ਪਿੰਡ ਬਲਮਾਜਰਾ ਦੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 20 ਏਕੜ ਕਣਕ ਕਟਾਈ ਹੈ ਤੇ ਢਾਈ ਕੁਵਿੰਟਲ ਪ੍ਰਤੀ ਵਿੱਘਾ ਝਾੜ ਨਿਕਲਿਆ ਹੈ, ਜੋ ਕਿ ਪਿਛਲੇ ਵਰ੍ਹੇ ਚਾਰ ਕੁਵਿੰਟਲ ਪ੍ਰਤੀ ਵਿੱਘੇ ਦੇ ਕਰੀਬ ਸੀ। ਗੁਰਦੇਵ ਸਿੰਘ ਪਿੰਡ ਮਿੰਡੇਮਾਜਰਾ, ਗੁਰਮੇਲ ਸਿੰਘ ਪਿੰਡ ਜੰਗਪੁਰਾ, ਜਗਤਾਰ ਸਿੰਘ ਪਿੰਡ ਤੰਗੌਰੀ, ਰਾਮ ਸਿੰਘ ਪਿੰਡ ਮਨੌਲੀ ਸੂਰਤ, ਅਮਰਜੀਤ ਸਿੰਘ ਖਲੌਰ, ਕੁਲਦੀਪ ਸਿੰਘ ਬਨੂੜ, ਨੇਤਰ ਸਿੰਘ ਬਠਲਾਣਾ, ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਵੀ ਤਿੰਨ ਕੁਵਿੰਟਲ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਹੀ ਕਣਕ ਦਾ ਝਾੜ ਸਾਹਮਣੇ ਆਇਆ ਹੈ।
ਇਸੇ ਦੌਰਾਨ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਆਖਿਆ ਕਿ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਪਿਛਲੇ ਦੋ ਦਿਨਾਂ ਦੌਰਾਨ ਕਿਸਾਨਾਂ ਕੋਲੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਕਣਕ ਦਾ ਝਾੜ ਕਾਫ਼ੀ ਘਟ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਣਕ ਦੇ ਘੱਟ ਝਾੜ ਵਾਲੇ ਖੇਤਰਾਂ ਦੇ ਕਿਸਾਨਾਂ ਨੂੰ ਦੋ ਸੌ ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ।