
ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ
ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਉਣੇ ਚਾਹੀਦੇ ਹਨ : ਹਲਦਵਾਨੀ ਕੀਰਤਨ ਕੌਂਸਲ
ਕੋਟਕਪੂਰਾ, 16 ਅਪ੍ਰੈਲ (ਗੁਰਿੰਦਰ ਸਿੰਘ) : ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਹਲਦਵਾਨੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਅਸਲ ਜਨਮ ਮਿਤੀ 15 ਅਪੈ੍ਰਲ ਨੂੰ ਮਨਾਉਂਦਿਆਂ ‘ਹਲਦਵਾਨੀ ਕੀਰਤਨ ਕੌਂਸਲ’ ਨੇ ਦਾਅਵਾ ਕੀਤਾ ਕਿ ਹੁਣ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਉਣੇ ਚਾਹੀਦੇ ਹਨ। ਉਤਰਾਖੰਡ ਦੇ ਜ਼ਿਲ੍ਹਾ ਨੈਨੀਤਾਲ ਦੇ ਸ਼ਹਿਰ ਹਲਦਵਾਨੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਕਰਵਾਏ ਗਏ ਕਥਾ-ਕੀਰਤਨ ਸਮਾਗਮ ਮੌਕੇ ਕੌਂਸਲ ਦੇ ਮੁਖੀ ਪ੍ਰਭੂ ਸਿੰਘ ਖ਼ਾਲਸਾ ਨੇ ਦਸਿਆ ਕਿ ਹਲਦਵਾਨੀ ਦੀ ਸਮੂਹ ਸੰਗਤ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮਨਾਉਂਦਿਆਂ 15/04/2019 ਨੂੰ ਦਾਅਵਾ ਕੀਤਾ ਸੀ ਕਿ ਹੁਣ ਹਰ ਸਾਲ ਗੁਰੂ ਸਾਹਿਬਾਨ ਜੀ ਦੇ ਗੁਰਪੁਰਬ ਅਤੇ ਇਤਿਹਾਸਿਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਣਗੇ। ਇਲਾਕੇ ਦੀ ਪ੍ਰਸਿੱਧ ਧਾਰਮਕ ਸ਼ਖ਼ਸੀਅਤ ਜਸਬੀਰ ਸਿੰਘ ਗੋਲਡੀ ਨੇ ਉੱਘੇ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਭਾਈ ਕਾਹਨ ਸਿੰਘ ਨਾਭਾ ਦੀ ਚਰਚਿਤ ਪੁਸਤਕ ‘ਹਮ ਹਿੰਦੂ ਨਹੀਂ’ ਵੰਡਦਿਆਂ ਦਸਿਆ ਕਿ ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨਾਂ ਨੇ ਅਨੇਕਾਂ ਸਾਲ ਪਹਿਲਾਂ ਹੀ ਸੰਗਤਾਂ ਨੂੰ ਸੁਚੇਤ ਕਰ ਦਿਤਾ ਸੀ ਕਿ ਸਿੱਖੀ ਦੇ ਬੂਟੇ ਨੂੰ ਖਾਰੇ ਸਮੁੰਦਰ ਵਿੱਚ ਡੋਬਣ ਅਰਥਾਤ ਦੁਸ਼ਮਣ ਤਾਕਤਾਂ ਵਲੋਂ ਬਹੁਤ ਸਾਰੇ ਭਰਮ-ਭੁਲੇਖੇ ਖੜੇ ਕਰ ਕੇ ਇਸ ਨੂੰ ਮਸਲ ਦੇਣ ਦੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਹਨ। ਉਨ੍ਹਾਂ ਮੰਚ ਤੋਂ ਸਾਰੀ ਸੰਗਤ ਨੂੰ ‘ਹਮ ਹਿੰਦੂ ਨਹੀਂ’ ਪੁਸਤਕ ਖ਼ੁਦ ਵਾਰ-ਵਾਰ ਪੜ੍ਹਨ ਅਤੇ ਅਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ ਦੀ ਬੇਨਤੀ ਕਰਦਿਆਂ ਆਖਿਆ ਕਿ ਇਹ ਪੁਸਤਕ ਪੜ੍ਹਨ ਨਾਲ ਤੁਹਾਨੂੰ ਪਿਛਲੇ ਸਮੇਂ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਕਰਨ ਦੇ ਕਾਰਨਾਂ ਦੀ ਵੀ ਸਮਝ ਆ ਜਾਵੇਗੀ।
ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਆਨੰਦ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਕੀਰਤਨੀ ਜਥਿਆਂ ਅਤੇ ਸਹਿਯੋਗੀਆਂ ਦਾ ਧਨਵਾਦ ਕੀਤਾ।