
ਪੰਜਾਬ ਦੀ ਵਿਰਾਸਤ ਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕੀਤੀ ਗਈ ਇਹ ਪਹਿਲ
ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਤੋਂ ਅਗਵਾਈ ਲੈਂਦੇ ਹੋਏ ਪੰਜਾਬ ਦੀ ਸ਼ਾਨਦਾਰ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ‘ਦਿ ਬਠਿੰਡਾ ਫੋਰਟ ’ ਨਾਂ ਦੀ ਇੱਕ ਦਸਤਾਵੇਜ਼ੀ ਫਿਲਮ ਵਿਸ਼ਵ ਪੱਧਰ ’ਤੇ ਆਨਲਾਈਨ ਢੰਗ ਨਾਲ ਰਿਲੀਜ਼ ਕੀਤੀ। ਇਸ ਦੌਰਾਨ ਫਿਲਮ ਦੇ ਡਾਇਰੈਕਟਰ ਹਰਪ੍ਰੀਤ ਸੰਧੂ ਵੀ ਮੌਜੂਦ ਸਨ।
Captain Amrinder singh
ਇਸ ਮੌਕੇ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਦਸਤਾਵੇਜੀ ਫਿਲਮ ਵਿੱਚ ਕੌਮੀ ਮਹੱਤਤਾ ਵਾਲੀ ਸ਼ਾਨਦਾਰ ਇਤਿਹਾਸਕ ਯਾਦਗਾਰ ਬਠਿੰਡਾ ਦੇ ਕਿਲੇ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਛੇਵੀਂ ਸਦੀ ਦੇ ਨੇੜੇ-ਤੇੜੇ ਬਣਿਆ ਇਹ ਕਿਲ੍ਹਾ ਭਾਰਤ ਦਾ ਸਭ ਤੋਂ ਪੁਰਾਣਾ ਬਚਿਆ ਹੋਇਆ ਕਿਲਾ ਹੈ।ਉਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਿਲੇ ਦੀ ਬਹੁਤ ਇਤਿਹਾਸਕ ਮਹੱਤਤਾ ਹੈ ਕਿਉਂਕਿ ਇਹ ਭਾਰਤ ਦੀ ਪਹਿਲੀ ਔਰਤ ਮਹਾਰਾਣੀ ਰਜ਼ੀਆ ਸੁਲਤਾਨ ਨਾਲ ਸਬੰਧਤ ਹੈ, ਜਿਸ ਨੂੰ ਇਸ ਕਿਲੇ ਵਿਚ ਕੈਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਉਹ ਬਾਲਕੋਨੀ ਤੋਂ ਛਾਲ ਮਾਰ ਕੇ ਫਰਾਰ ਹੋ ਗਈ ਸੀ।
film title
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਕਿਹਾ ਕਿ ਤਿੰਨ ਮੰਜਲਾਂ ਵਾਲਾ ਇਹ ਕਿਲਾ ਪੂਰੀ ਤਰਾਂ ਮੁਗ਼ਲ ਡਿਜ਼ਾਇਨ ਵਿੱਚ ਤਿਆਰ ਕੀਤਾ ਹੋਇਆ ਹੈ ਅਤੇ ਦੇਖਣਯੋਗ ਹੈ। ਉਹਨਾਂ ਕਿਹਾ ਕਿ ਇਸ ਕਿਲੇ ਦਾ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਵੀ ਇਤਿਹਾਸਕ ਸਬੰਧ ਦੱਸਿਆ ਜਾਂਦਾ ਹੈ ਕਿਉਂ ਜੋ 1705 ਵਿੱਚ ਇਸ ਕਿਲੇ ਨੂੰ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਹੋਈ ਸੀ। ਇਸ ਕਰਕੇ ਕਿਲੇ ਨੂੰ ਗੋਵਿੰਦਗੜ ਕਿਲਾ ਵੀ ਕਿਹਾ ਜਾਂਦਾ ਹੈ।
harpreet sandhu
ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿੱਲ ਨੇ ਦਸਤਾਵੇਜੀ ਫਿਲਮ ਦਾ ਪ੍ਰੀਵਿਊ ਦੇਖਣ ਉਪਰੰਤ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿਰਾਸਤੀ ਸਥਾਨ ਨੂੰ ਦਰਸਾਉਂਦੀ ਅਤੇ ਖੂਬਸੂਰਤ ਢੰਗ ਨਾਲ ਤਿਆਰ ਕੀਤੀ ਇਸ ਫਿਲਮ ਨੂੰ ਉਹ ਜ਼ਰੂਰ ਦੇਖਣ । ਉਹਨਾਂ ਕਿਹਾ ਕਿ ਇਹ ਦਸਤਾਵੇਜ਼ੀ ਫਿਲਮ ਨਿਸ਼ਚਿਤ ਤੌਰ ‘ਤੇ ਪੰਜਾਬ ਦੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਵਿੱਚ ਸਹਾਇਤਾ ਕਰੇਗੀ ਕਿਉਂ ਜੋ ਹਾਲੇ ਵੀ ਬਹੁਤ ਲੋਕ ਬਠਿੰਡਾ ਦੇ ਇਸ ਵਿਰਾਸਤੀ ਸਥਾਨ ਤੋਂ ਅਣਜਾਣ ਹਨ।
ਫਿਲਮ ਦੇ ਡਾਇਰੈਕਟਰ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਲੈਫਟੀਨੈਂਟ ਸ਼ੇਰਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਕਾਲਤ ਨਾਲ ਜੁੜੇ ਹੋਣ ਦੇ ਬਾਵਜੂਦ ਸ੍ਰੀ ਸੰਧੂ ਨੇ ਸੂਬੇ ਦੇ ਸ਼ਾਨਮੱਤੇ ਇਤਿਹਾਸ ਅਤੇ ਸਭਿਆਚਾਰ ਨੂੰ ਦਰਸਾਉਣ ਵਿੱਚ ਹੰਭਲਾ ਮਾਰ ਕੇ ਪੰਜਾਬ ਸਰਕਾਰ ਦੀ ਮਦਦ ਕੀਤੀ ਅਤੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਡਾਇਰੈਕਟਰ ਹਰਪ੍ਰੀਤ ਸੰਧੂ ਨੇ ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰਕ ਮਹਾਨਤਾ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਜਨੂੰਨ ਨੂੰ ਕਾਇਮ ਰੱਖਣ ਲਈ ਮੁੱਖ ਮੰਤਰੀ ਅਤੇ ਲੈਫਟੀਨੈਂਟ ਸ਼ੇਰਗਿੱਲ ਦਾ ਧੰਨਵਾਦ ਕੀਤਾ।