
ਇਕੋ ਔਰਤ ਨਾਲ ਚਾਰ ਵਾਰ ਵਿਆਹ ਤੇ ਤਿੰਨ ਵਾਰ ਤਲਾਕ
ਤਾਈਪੇ, 16 ਅਪ੍ਰੈਲ : ਅਕਸਰ ਇਹ ਸੁਣਿਆ ਜਾਂਦਾ ਹੈ ਕਿ ਇਕ ਆਦਮੀ ਨੇ ਇਕ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਕੁੱਝ ਸਮੇਂ ਬਾਅਦ ਉਸ ਦਾ ਤਲਾਕ ਹੋ ਗਿਆ ਅਤੇ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ | ਪਰ ਹੁਣ ਤਾਈਪੇ ਤੋਂ ਵਿਆਹ ਦਾ ਇਕ ਨਵਾਂ ਤੇ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ | ਇਕ ਆਦਮੀ ਨੇ ਚਾਰ ਵਾਰ ਵਿਆਹ ਕੀਤਾ ਅਤੇ ਉਸ ਦਾ ਤਿੰਨ ਵਾਰ ਤਲਾਕ ਹੋ ਗਿਆ | ਇਸ ਵਿਚ ਸੱਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਸ ਵਿਅਕਤੀ ਨੇ ਇਹ ਚਾਰ ਵਿਆਹ ਵੱਖ-ਵੱਖ ਔਰਤਾਂ ਨਾਲ ਨਹੀਂ ਬਲਕਿ ਇਕੋ
ਔਰਤ ਨਾਲ ਕੀਤੇ ਅਤੇ ਤਿੰਨ ਵਾਰ ਤਲਾਕ ਲੈ ਲਿਆ | ਅਜਿਹਾ ਕਰਨ ਪਿਛੇ ਦਾ ਕਾਰਨ ਵੀ ਬਹੁਤ ਦਿਲਚਸਪ ਹੈ | ਤਾਇਵਾਨ ਵਿਚ ਚਾਰ ਵਿਆਹ ਅਤੇ ਤਿੰਨ ਤਲਾਕ ਦਾ ਕੇਸ ਕਾਫ਼ੀ ਚਰਚਾ ਬਟੋਰ ਰਿਹਾ ਹੈ |
ਇਹ ਆਦਮੀ ਤਾਈਪੇ ਦੇ ਇਕ ਬੈਂਕ ਵਿਚ ਕਲਰਕ ਦਾ ਕੰਮ ਕਰਦਾ ਹੈ | ਜੇ ਅਸੀਂ ਅਜਿਹਾ ਕਰਨ ਦੇ ਕਾਰਨ ਬਾਰੇ ਗੱਲ ਕਰੀਏ, ਤਾਂ ਉਸ ਨੇ ਦਫ਼ਤਰ ਤੋਂ ਛੁੱਟੀ ਲੈਣ ਲਈ ਇਹ ਸੱਭ ਕੀਤਾ | ਜਦੋਂ ਉਸ ਨੇ ਪਹਿਲੀ ਵਾਰ ਵਿਆਹ ਕੀਤਾ ਤਾਂ ਉਸ ਨੂੰ 8 ਦਿਨਾਂ ਦੀ ਪੇਡ-ਲੀਵ ਵਾਲੀ ਛੁੱਟੀ ਦਿਤੀ ਗਈ | ਉਸ ਦਾ ਪਿਛਲੇ ਸਾਲ 6 ਅਪ੍ਰੈਲ ਨੂੰ ਵਿਆਹ ਹੋਇਆ ਸੀ | ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ ਅਗਲੇ ਹੀ ਦਿਨ ਉਸ ਨੇ ਅਪਣੀ ਪਤਨੀ ਨੂੰ ਤਲਾਕ ਦੇ ਦਿਤਾ ਅਤੇ ਦੂਜੀ ਵਾਰ ਫਿਰ ਉਸ ਨਾਲ ਵਿਆਹ ਕਰਵਾ ਲਿਆ | ਇਸ ਤੋਂ ਬਾਅਦ ਉਸ ਨੇ ਦੁਬਾਰਾ ਦਫ਼ਤਰ ਵਿਚ ਛੁੱਟੀ ਲਈ ਅਰਜ਼ੀ ਦਿਤੀ ਤੇ ਪ੍ਰਾਪਤ ਕਰ ਲਈ | ਅਜਿਹਾ ਕਰਦਿਆਂ ਉਸ ਨੇ ਚਾਰ ਵਾਰ ਵਿਆਹ ਕੀਤਾ ਅਤੇ 3 ਵਾਰ ਤਲਾਕ ਲੈ ਲਿਆ | ਜਦੋਂ ਬੈਂਕ ਦੇ ਧਿਆਨ ਵਿਚ ਇਹ ਗੱਲ ਆਈ ਤਾਂ ਉਨ੍ਹਾਂ ਨੇ ਐਕਸ਼ਨ ਲਿਆ ਤੇ ਚੌਥੀ ਵਾਰ ਉਸ ਨੂੰ ਪੇਡ ਲੀਵ ਦੇਣ ਤੋਂ ਇਨਕਾਰ ਕਰ ਦਿਤਾ | ਜਦੋਂ ਬੈਂਕ ਨੇ ਉਸ ਵਿਅਕਤੀ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੇ ਤਾਈਪੇ ਦੀ ਲੇਬਰ ਕੋਰਟ ਵਿਚ ਬੈਂਕ ਵਿਰੁਧ ਸ਼ਿਕਾਇਤ ਦਰਜ ਕਰ ਦਿਤੀ |
ਬੈਂਕ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਵਲੋਂ ਲੇਬਰ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ | ਬੈਂਕ ਨੂੰ ਜਵਾਬ 'ਚ ਇਹ ਸੁਣਨ ਨੂੰ ਮਿਲਿਆ ਕਿ ਉਨ੍ਹਾਂ ਦੇ ਕਰਮਚਾਰੀ ਦਾ ਚਾਲ-ਚਲਨ ਠੀਕ ਨਹੀਂ ਸੀ ਪਰ ਫਿਰ ਵੀ ਮਾਮਲੇ 'ਚ ਬੈਂਕ ਵਲੋਂ ਲੇਬਰ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਜੁਰਮਾਨਾ ਭਰਨਾ ਹੋਵੇਗਾ | (ਏਜੰਸੀ)