
ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਨੇ ਵੀ ਮੁੱਖ ਮੰਤਰੀ ਨਾਲ ਜਾਣਾ ਸੀ ਦਿੱਲੀ
ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਲਕੇ ਦਿੱਲੀ ਦੌਰੇ 'ਤੇ ਜਾਣਾ ਸੀ ਜੋ ਕਿ ਹੁਣ 3 ਦਿਨਾਂ ਲਈ ਰੱਦ ਹੋ ਗਿਆ ਹੈ। ਖ਼ਬਰ ਇਹ ਸਾਹਮਣੇ ਆਈ ਹੈ ਕਿ ਭਗਵੰਤ ਮਾਨ ਨੇ ਇਹ ਦੌਰਾ ਨਿੱਜੀ ਕਾਰਨਾਂ ਕਰ ਕੇ ਰੱਦ ਕੀਤਾ ਹੈ। ਹਾਲਾਂਕਿ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਸ ਤੋਂ ਬਾਅਦ ਉਹ ਕਦੋਂ ਦਿੱਲੀ ਦੌਰੇ 'ਤੇ ਜਾਣਗੇ।
ਦੱਸ ਦਈਏ ਕਿ ਮੁੱਖ ਮੰਤਰੀ ਨੇ ਕੱਲ੍ਹ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਦਿੱਲੀ ਦੌਰੇ 'ਤੇ ਜਾਣਾ ਸੀ ਤੇ ਇਸ ਦੌਰੇ ਦੌਰਾਨ ਉਹਨਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਾ ਸੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਵੀ ਵਿਸ਼ਵ ਪੱਧਰੀ ਸਕੂਲ ਬਣਾਏ ਜਾਣਗੇ ਜਿਵੇਂ ਕਿ ਦਿੱਲੀ ਵਿਚ ਬਣਾਏ ਗਏ ਹਨ।
Bhagwant Mann
ਪੰਜਾਬ ਵਿਚ ਵੀ ਦਿੱਲੀ ਵਾਂਗ ਸਿੱਖਿਆ ਮਾਡਲ ਲਾਗੂ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਪੰਜਾਬ ਵਿਚ 16,000 ਪਿਂਡ ਅਤੇ ਵਾਰਡ ਕਲੀਨਿਕ ਬਣਾਏ ਜਾਣਗੇ। ਇਨ੍ਹਾਂ ਨੂੰ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ 'ਤੇ ਬਣਾਇਆ ਜਾਵੇਗਾ। ਸਿਹਤ ਨੂੰ ਲੈ ਕੇ 'ਆਪ' ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇ ਨਾਲ-ਨਾਲ ਸਾਰੇ ਸਰਕਾਰੀ ਹਸਪਤਾਲਾਂ ਦੀ ਵਿਵਸਥਾ ਨੂੰ ਸੁਧਾਰਨ ਦਾ ਭਰੋਸਾ ਦਿੱਤਾ ਸੀ।