
ਇਸ ਪੁਸਤਕ ਦਾ ਸੰਪਾਦਨ ਡਾ. ਕਮਲੇਸ਼ ਉੱਪਲ ਵਲੋਂ ਕੀਤਾ ਗਿਆ
Patiala News: ਪੰਜਾਬੀ ਯੂਨੀਵਰਸਿਟੀ ਵਿਚ ਸਥਿਤ ਵਰਲਡ ਪੰਜਾਬੀ ਸੈਂਟਰ ਵਲੋਂ ਦਲੀਪ ਸਿੰਘ ਉੱਪਲ ਦੀ ਨਵੀ ਪ੍ਰਕਾਸ਼ਿਤ ਪੁਸਤਕ "ਸੰਵੇਦਨਾ ਦੇ ਰੰਗ" ਦੇ ਲੋਕ ਅਰਪਣ ਦਾ ਆਯੋਜਨ ਕੀਤਾ ਗਿਆ। ਵਰਣਨਯੋਗ ਹੈ ਕਿ ਇਸ ਪੁਸਤਕ ਦਾ ਸੰਪਾਦਨ ਡਾ. ਕਮਲੇਸ਼ ਉੱਪਲ ਵਲੋਂ ਕੀਤਾ ਗਿਆ ਹੈ।
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਆਈਆਂ ਸ਼ਖਸੀਅਤਾਂ ਦਾ ਸੁਆਗਤ ਕਰਦੇ ਹੋਏ ਸ੍ਰੀ ਉੱਪਲ ਦੀ ਸਾਹਿਤ ਪ੍ਰਤੀ ਲਗਨ ਅਤੇ ਨਿਰੰਤਰ ਲੇਖਨ ਬਾਰੇ ਵਿਸ਼ੇਸ਼ ਰੂਪ ਵਿਚ ਦੱਸਿਆ। ਪੁਸਤਕ ਉੱਤੇ ਚਰਚਾ ਦਾ ਆਰੰਭ ਕਰਦਿਆਂ ਸਾਬਕਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਨੇ ਦੱਸਿਆ ਕਿ ਲੇਖਕ ਨੇ ਇਸ ਪੁਸਤਕ ਵਿਚ ਵੱਖ -ਵੱਖ ਵਿਧਾਵਾਂ ਰਾਹੀਂ ਆਪਣੀ ਲੇਖਨ ਕਲਾ ਦਾ ਇਜ਼ਹਾਰ ਕੀਤਾ ਹੈ।
ਉੱਘੀਆਂ ਸ਼ਖਸੀਅਤਾਂ ਨਾਲ ਮੁਲਾਕਾਤਾਂ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ ਉੱਤੇ ਲੇਖ, ਪ੍ਰਸਿੱਧ ਸ਼ਖਸੀਅਤਾਂ ਨਾਲ ਪੱਤਰਾਂ ਦਾ ਆਦਾਨ-ਪ੍ਰਦਾਨ , ਲੇਖਕ ਦੀਆਂ ਪਹਿਲੀਆਂ ਪੁਸਤਕਾਂ ਬਾਰੇ ਵੱਖ-ਵੱਖ ਰਾਵਾਂ ਦੇ ਨਾਲ-ਨਾਲ ਕੁਝ ਕਵਿਤਾਵਾਂ ਵੀ ਪੁਸਤਕ ਦਾ ਸ਼ਿੰਗਾਰ ਹਨ। ਪ੍ਰਸਿੱਧ ਲੇਖਕ ਡਾ.ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਦਲੀਪ ਸਿੰਘ ਉੱਪਲ ਨੇ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਪ੍ਰਬੰਧਕੀ ਜ਼ੁੰਮੇਵਾਰੀਆਂ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਈਆਂ। ਕਿਰਪਾਲ ਕਜ਼ਾਕ ਨੇ ਉੱਪਲ ਪਰਿਵਾਰ ਦੇ ਕਲਾ ਅਤੇ ਸਾਹਿਤ ਨੂੰ ਪਾਏ ਮਿਸਾਲੀ ਯੋਗਦਾਨ ਬਾਰੇ ਵਿਚਾਰ ਪ੍ਰਗਟ ਕੀਤੇ। ਡਾ. ਕੁਮਕੁਮ ਬਜਾਜ ਨੇ ਉੱਪਲ ਪਰਿਵਾਰ ਨਾਲ ਆਪਣੀ ਲੰਮੀ ਸਾਂਝ ਦਾ ਜ਼ਿਕਰ ਕੀਤਾ ।
ਡਾ. ਸਵਰਾਜ ਸਿੰਘ ਨੇ ਲੇਖਕ ਦੀ ਪੰਜਾਬ ਨਾਲ ਗਹਿਰੀ ਸਾਂਝ ਦੇ ਹਵਾਲੇ ਨਾਲ ਪਰਵਾਸ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਉੱਘੇ ਗ਼ਜ਼ਲਗੋ ਡਾ. ਤ੍ਰਿਲੋਕ ਸਿੰਘ ਆਨੰਦ ਨੇ ਪੁਸਤਕ ਵਿਚਲੀ ਸਮਗਰੀ ਦੀ ਵਿਵਿਧਤਾ ਦੀ ਸ਼ਲਾਘਾ ਕਰਦੇ ਹੋਏ ਆਪਣਾ ਕਲਾਮ ਵੀ ਪੇਸ਼ ਕੀਤਾ।
ਉੱਘੇ ਕਵੀ ਗੁਰਚਰਨ ਸਿੰਘ ਪੱਬਾਰਾਲੀ ਨੇ ਵੀ ਆਪਣੀ ਕਵਿਤਾ ਸ੍ਰੋਤਿਆਂ ਦੇ ਸਨਮੁਖ ਤਰਨੁੰਮ ਵਿਚ ਪੇਸ ਕੀਤੀ। ਹੈਪੀ ਸਿੰਘ ਅਤੇ ਹੋਰ ਨਵੇਂ ਕਵੀਆਂ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਪਵਨ ਸ਼ਰਮਾ, ਹਰਪ੍ਰੀਤ ਕੌਰ ਅਤੇ ਡਾ. ਨਿਵੇਦਿਤਾ ਉੱਪਲ ਨੇ ਵੀ ਲੇਖਕ ਦੀ ਪ੍ਰਤੀਬੱਧਤਾ ਸਬੰਧੀ ਆਪਣੇ ਵਿਚਾਰ ਸ੍ਰੋਤਿਆਂ ਨਾਲ ਸਾਂਝੇ ਕੀਤੇ। ਮੰਚ ਸੰਚਾਲਨ ਉੱਘੇ ਕਵੀ ਬਲਵਿੰਦਰ ਸਿੰਘ ਭੱਟੀ ਨੇ ਕੀਤਾ ਅਤੇ ਦਿਆਲ ਸਿੰਘ ਗਿੱਲ ਵਲੋਂ ਸਮਾਗਮ ਵਿਚ ਹਾਜ਼ਰ ਹੋਈਆਂ ਸ਼ਖਸੀਅਤਾਂ ਅਤੇ ਸਮੂਹ ਸ੍ਰੋਤਿਆਂ ਦਾ ਧੰਨਵਾਦ ਕਦੇ ਹੋਏ ਦਲੀਪ ਸਿੰਘ ਉੱਪਲ ਨੂੰ ਲਗਾਤਾਰ ਲਿਖਦੇ ਰਹਿਣ ਦੀ ਪਾਠਕਾਂ ਦੀ ਇੱਛਾ ਤੋਂ ਜਾਣੂ ਕਰਵਾਇਆ।
ਸਮਾਗਮ ਵਿਚ ਉੱਘੇ ਸੰਗੀਤ ਰਚਨਾਕਾਰ ਜਸਪਾਲ ਸਿੰਘ, ਕੁਲਪਿੰਦਰ ਸ਼ਰਮਾ, ਲੱਖਾ ਲਹਿਰੀ, ਅਨਾਇਤ, ਰਾਜਿੰਦਰ ਸਿੰਘ ਜੋਸਨ, ਸਤਪਾਲ ਗੋਇਲ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ।