
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ
ਪਟਿਆਲਾ, 16 ਮਈ (ਤੇਜਿੰਦਰ ਫ਼ਤਿਹਪੁਰ): ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਇਕ ਸੱਚੇ ਫ਼ੌਜੀ ਵਾਂਗ ਪੰਜਾਬ ਦੀ ਰੱਖਿਆ ਕਰਦੇ ਹੋਏ ਪੰਜਾਬ ਨੂੰ ਸਾਂਭਿਆ ਹੈ ਤੇ ਜੇਕਰ ਅੱਜ ਪੰਜਾਬ ਵਿਚ ਕੋਰੋਨਾ ਦੇ ਸੱਭ ਤੋਂ ਘੱਟ ਕੇਸ ਹਨ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਸੂਝ ਬੂਝ ਕਰ ਕੇ ਹੀ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਇਨਾਂ ਅਖੌਤੀ ਅਕਾਲੀ ਨੇਤਾਵਾਂ ਨੇ ਪੰਜਾਬ ਦਾ ਕੋਰੋਨਾ ਤੋਂ ਵੱਧ ਨੁਕਸਾਨ ਕੀਤਾ ਹੈ ਤੇ ਕਾਂਗਰਸ ਨੇ ਤਾਂ ਪੰਜਾਬ ਨੂੰ ਬਚਾਇਆ ਹੈ।
File photo
ਉਨਾਂ ਕਿਹਾ ਕਿ ਪੰਜਾਬ ਤੇ ਲੋਕਾਂ ਨੇ ਇਨ੍ਹਾਂ ਅਕਾਲੀਆਂ ਤੇ ਆਪ ਦੇ ਨੇਤਾਵਾਂ ਨੂੰ ਇਨ੍ਹਾਂ ਦੀਆਂ ਹਰਕਤਾਂ ਕਰ ਕੇ ਹੀ ਕਰਾਰੀ ਹਾਰ ਦੇ ਕੇ ਇਨ੍ਹਾਂ ਦੇ ਘਰਾਂ ਵਿਚ ਬੈਠਾਇਆ ਹੈ ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਵਿਚ-ਵਿਚ ਇਹ ਅਕਾਲੀ ਤੇ ਆਪ ਵਾਲੇ ਇਕੱਲੇ ਪਟਿਆਲਾ ਤੋਂ ਹੀ ਪੌਣੇ ਦੋ ਲੱਖ ਦੀ ਕਰਾਰੀ ਹਾਰ ਦੇ ਕੇ ਭਜਾਏ ਹਨ। ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਕਾਂਗਰਸ ਪਾਰਟੀ ਤੇ ਸਰਕਾਰ ਨਾਲ ਖੜੇ ਹਨ ਤੇ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਪੰਜਾਬ ਵਿਚ ਆਉਣ ਵਾਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਹੋਵੇਗੀ ਜਿਸ ਦੇ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ।