
ਪੰਜਾਬ ਸਰਕਾਰ ਨੇ ਆਪ ਮੁਹਾਰੇ ਹੀ ਸੜਕਾਂ ਅਤੇ ਰੇਲ ਲਾਈਨਾਂ ਵਲ ਪੈਦਲ ਅਪਣੇ ਰਾਜਾਂ ਵਲ ਕੂਚ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ।
ਚੰਡੀਗੜ੍ਹ, 16 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਆਪ ਮੁਹਾਰੇ ਹੀ ਸੜਕਾਂ ਅਤੇ ਰੇਲ ਲਾਈਨਾਂ ਵਲ ਪੈਦਲ ਅਪਣੇ ਰਾਜਾਂ ਵਲ ਕੂਚ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਮਜ਼ਦੂਰਾਂ ਲਈ ਰੇਲ ਅਤੇ ਬੱਸਾਂ ਦੇ ਪੂਰੇ ਪ੍ਰਬੰਧ ਹੋਣ ਤਕ ਇਨ੍ਹਾਂ ਨੂੰ ਰੋਕ ਕੇ ਰੱਖਣ ਲਈ ਵਿਸ਼ੇਸ਼ ਰਾਹਤ ਕੈਂਪ ਸਥਾਪਤ ਕਰਨ ਲਈ ਜਿਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਜ਼ੋਨਲ, ਡਿਵੀਜ਼ਨਲ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸੂਬੇ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਸਤੀਸ਼ ਚੰਦਰਾ ਵਲੋਂ ਜਾਰੀ ਪੱਤਰ ਰਾਹੀਂ ਹਦਾਇਤਾਂ ਸਰਕਾਰ ਵਲੋਂ ਭੇਜੀਆਂ ਗਈਆਂ ਹਨ। ਜਾਰੀ ਹਦਾਇਤਾਂ ’ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਪੈਦਲ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਨਾ ਚੱਲਣ ਦਿਤਾ ਜਾਵੇ ਅਤੇ ਉਨ੍ਹਾਂ ਨੂੰ ਸਮਝਾ ਕੇ ਟਰਾਂਸਪੋਰਟ ਦੇ ਪ੍ਰਬੰਧਾਂ ਤਕ ਵਿਸ਼ੇਸ਼ ਕੈਂਪਾਂ ’ਚ ਰਖਿਆ ਜਾਵੇ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਸਮੇਂ ਸਹੂਲਤਾਂ ਦੇਣ ਅਤੇ ਵਿਸ਼ੇਸ਼ ਟਰੇਨਾਂ ਅਤੇ ਬੱਸਾਂ ਦੇ ਪਾਸ ਬਣਵਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ।