
ਯੂ.ਪੀ. ਦੇ ਆਜ਼ਮਗੜ੍ਹ ਤੇ ਬਿਹਾਰ ਦੇ ਸਾਰਨ ਨੂੰ ਗਈਆਂ ਦੋ ਰੇਲ ਗੱਡੀਆਂ
ਪਟਿਆਲਾ, 16 ਮਈ (ਤੇਜਿੰਦਰ ਫ਼ਤਿਹਪੁਰ): ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਅੱਜ ਦੋ ਵਿਸ਼ੇਸ਼ ਰੇਲ ਗੱਡੀਆਂ ਯੂ.ਪੀ. ਅਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਰਵਾਨਾ ਹੋਈਆਂ। ਇਨ੍ਹਾਂ ਗੱਡੀਆਂ ਵਿਚ ਦੁਪਹਿਰ 12 ਵਜੇ ਯੂ.ਪੀ. ਦੇ ਆਜਮਗੜ੍ਹ ਲਈ ਗਈ ਗੱਡੀ ਵਿਚ 1452 ਅਤੇ ਸ਼ਾਮ ਨੂੰ 5 ਵਜੇ ਬਿਹਾਰ ਦੇ ਛਪਰਾ ਸਟੇਸ਼ਨ ਲਈ ਸਾਰਨ ਜ਼ਿਲ੍ਹੇ ਨੂੰ ਜਾਣ ਲਈ ਰਵਾਨਾ ਹੋਈ ਗੱਡੀ ਵਿੱਚ 1386 ਯਾਤਰੀ ਸਵਾਰ ਸਨ। ਇਸ ਗੱਡੀ ਦੇ ਸਵਾਰਾਂ ਨੇ ਮੁਫ਼ਤ ਟਿਕਟਾਂ, ਭੋਜਨ ਅਤੇ ਹੋਰ ਪ੍ਰਬੰਧਾਂ ਲਈ ਜਿੱਥੇ ਭਾਵੁਕ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧਨਵਾਦ ਕੀਤਾ ਉਥੇ ਹੀ ਘਰ ਜਾਣ ਦੀ ਖ਼ੁਸ਼ੀ ’ਚ ਹੱਥ ਹਿਲਾਉਂਦਿਆਂ ਅਲਵਿਦਾ ਵੀ ਆਖੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ’ਤੇ ਪੰਜਾਬ ਸਰਕਾਰ ਵਲੋਂ ਭੇਜੀਆਂ ਜਾ ਰਹੀਆਂ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਨੂੰ ਰਵਾਨਾ ਕਰਨ ਲਈ ਜ਼ਿਲ੍ਹਾ ਪਟਿਆਲਾ ਦਾ ਸਮੁੱਚਾ ਪ੍ਰਸ਼ਾਸਨ ਪੂਰੀ ਪ੍ਰਤੀਬੱਧਤਾ ਅਤੇ ਸ਼ਿਦਤ ਨਾਲ ਅਪਣੀ ਡਿਊਟੀ ਨਿਭਾ ਰਿਹਾ ਹੈ।
File photo
ਸਟੇਸ਼ਨ ’ਤੇ ਪੂਰੇ ਪ੍ਰਬੰਧਾਂ ਦੀ ਨਿਗਰਾਨੀ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਕਰ ਰਹੇ ਹਨ। ਜਦੋਂਕਿ ਐਸ.ਡੀ.ਐਮ. ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਸ. ਜਗਨੂਰ ਸਿੰਘ, ਮਿਸ ਜਸਲੀਨ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡੀ.ਐਸ.ਪੀ. ਪੁਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਸਿਵਲ, ਮੈਡੀਕਲ ਤੇ ਪੁਲਿਸ ਅਮਲਾ ਪੂਰੀ ਤਨਦੇਹੀ ਨਾਲ ਇਨ੍ਹਾਂ ਮਜ਼ਦੂਰਾਂ ਤੇ ਹੋਰਨਾਂ ਯਾਤਰੀਆਂ ਨੂੰ ਗੱਡੀਆਂ ’ਚ ਬਿਠਾ ਕੇ ਰਵਾਨਾ ਕਰ ਰਿਹਾ ਹੈ।
ਅੱਜ ਸਟੇਸ਼ਨ ’ਤੇ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਅਤੇ ਐਸ.ਡੀ.ਐਮ. ਦਫ਼ਤਰ ਦੇ ਕਰਮਚਾਰੀ ਜਸਪਾਲ ਸਿੰਘ ਨੇ ਰਜਿਸਟਰੇਸ਼ਨ ’ਚ ਅਧਿਆਪਕਾਂ ਦਾ ਹੱਥ ਵਟਾਉਂਦਿਆਂ ਯਾਤਰੀਆਂ ਦੀ ਸਹੂਲਤ ਲਈ ਅਪਣਾ ਵਿਸ਼ੇਸ਼ ਯੋਗਦਾਨ ਪਾਇਆ। ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਵਲੋਂ ਹੁਣ ਤਕ ਪਟਿਆਲਾ ਜ਼ਿਲ੍ਹੇ ’ਚੋਂ 15 ਹਜ਼ਾਰ ਤੋਂ ਵਧੇਰੇ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ 11 ਰੇਲ ਗੱਡੀਆਂ ਅਤੇ ਬੱਸਾਂ ਆਦਿ ਰਾਹੀਂ ਵਾਪਸ ਭੇਜਿਆ ਜਾ ਚੁੱਕਾ ਹੈ।