
ਕੋਟਕਪੂਰਾ ਗੋਲੀਕਾਂਡ ’ਚ ਚੁਫੇਰਿਉਂ ਆਲੋਚਨਾ ਅਤੇ ਵਿਰੋਧ ਤੋਂ ਬਾਅਦ ਐਕਸ਼ਨ ’ਚ ਆਈ ਸਰਕਾਰ
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਕੀਤਾ ਐਸ.ਆਈ.ਟੀ. ਦਾ ਗਠਨ
ਕੋਟਕਪੂਰਾ, 17 ਮਈ (ਗੁਰਿੰਦਰ ਸਿੰਘ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਰੀਪੋਰਟ ਰੱਦ ਕਰਨ ਅਤੇ ਐਸਆਈਟੀ ਭੰਗ ਕੀਤੇ ਜਾਣ ਤੋਂ ਬਾਅਦ ਚਾਰੇ ਪਾਸਿਉਂ ਆਲੋਚਨਾ ਅਤੇ ਵਿਰੋਧ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀਕਾਂਡ ਵਾਲੇ ਮਾਮਲੇ ਤੋਂ ਬਾਅਦ ਹੁਣ ਬਹਿਬਲ ਕਲਾਂ ਮਾਮਲੇ ਦੀ ਜਾਂਚ ਲਈ ਹੀ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕਰ ਦਿਤਾ ਹੈ। ਇਸ ਦੇ ਮੁਖੀ ਨੌਨਿਹਾਲ ਸਿੰਘ ਆਈ.ਜੀ. ਲੁਧਿਆਣਾ, ਜਦਕਿ ਸਤਿੰਦਰ ਸਿੰਘ ਐਸਐਸਪੀ ਮੋਹਾਲੀ ਅਤੇ ਸਵਰਨਦੀਪ ਸਿੰਘ ਐਸਐਸਪੀ ਫ਼ਰੀਦਕੋਟ ਵੀ ਇਸ ਦੇ ਮੈਂਬਰ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜ ਮੈਂਬਰੀ ਐਸਆਈਟੀ ਨੇ ਹੀ ਬਹਿਬਲ ਕਲਾਂ ਮਾਮਲੇ ਦੀ ਜਾਂਚ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਉਕਤ ਟੀਮ ਦੇ ਪ੍ਰਮੁੱਖ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਸਨ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਕਤ ਐਸਆਈਟੀ ਭੰਗ ਕਰ ਦਿਤੀ ਗਈ ਸੀ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪੰਜਾਬ ਸਰਕਾਰ ਨੇ ਕੱੁਝ ਦਿਨ ਪਹਿਲਾਂ ਹੀ ਏ.ਡੀ.ਜੀ.ਪੀ. ਵਿਜੀਲੈਂਸ ਐਲ.ਕੇ. ਯਾਦਵ ਦੀ ਅਗਵਾਈ ਵਿਚ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ। ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਦੀ ਬਹਿਬਲ ਗੋਲੀਕਾਂਡ ਕੇਸ ਵਾਲੀ ਜਾਂਚ ਲਗਭਗ ਮੁਕੰਮਲ ਕਰ ਚੁੱਕੀ ਹੈ। ਉਕਤ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸ.ਪੀ. ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਤਤਕਾਲੀਨ ਐਸਐਚਓ ਅਮਰਜੀਤ ਸਿੰਘ ਕੁਲਾਰ ਸਮੇਤ ਕੁਲ 7 ਵਿਰੁਧ ਚਾਰਜਸ਼ੀਟ ਵੀ ਦਾਖ਼ਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਕਤ ਕੇਸ ਵਿਚ ਇਕ ਮੁਲਜ਼ਮ ਇੰਸਪੈਕਟਰ ਨੂੰ ਵਾਅਦਾ ਮੁਆਫ਼ ਗਵਾਹ ਬਣਾਇਆ ਗਿਆ ਸੀ ਜਦਕਿ ਇਕ ਵਿਰੁਧ ਅਜੇ ਚਲਾਨ ਦਾਖ਼ਲ ਕੀਤਾ ਜਾਣਾ ਬਾਕੀ ਹੈ।