
ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ ਦਸ-ਦਸ ਹਜ਼ਾਰ ਰੁਪਏ ਨਗਦ ਸਹਾਇਤਾ ਦਿੱਤੀ ਜਾਵੇ: ਲਾਲ ਚੰਦ ਕੱਟਰੂਚੱਕ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਲਾਲ ਚੰਦ ਕੱਟਰੂਚੱਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਦਸ ਦਸ ਹਜ਼ਾਰ ਰੁਪਏ ਆਰਥਿਕ ਸਹਾਇਤਾ ਅਤੇ ਮਗਨਰੇਗਾ ਕਾਮਿਆਂ ਨੂੰ 600 ਰੁਪਏ ਦਿਹਾੜੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਬੁਢਾਪਾ, ਵਿਧਵਾ ,ਅੰਗਹੀਣ ਅਤੇ ਆਸ਼ਰਿਤ ਬੱਚਿਆਂ ਨੂੰ ਐਲਾਨ ਕੀਤੀ 2500 ਰੁਪਏ ਪੈਨਸ਼ਨ ਤੁਰੰਤ ਲਾਗੂ ਕਰੇ।
AAP
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਮੰਗ ਪੱਤਰ ’ਚ ਆਮ ਆਦਮੀ ਪਾਰਟੀ ਦੇ ਆਗੂ ਲਾਲ ਚੰਦ ਲਾਲ ਚੰਦ ਕੱਟਰੂਚੱਕ ਨੇ ਕਿਹਾ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਲੀਹੋਂ ਲੱਥੇ ਹੈਲਥ ਪ੍ਰਬੰਧਾਂ ਕਾਰਨ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਆਮ ਲੋਕ ਤੇ ਖਾਸ ਕਰਕੇ ਗਰੀਬ ਮੌਤ ਦੇ ਮੂੰਹ ਵੱਲ ਧੱਕੇ ਜਾ ਰਹੇ ਹਨ ਅਤੇ ਉਹ ਆਕਸੀਜਨ ਦੀ ਘਾਟ ਕਾਰਨ ਤੜਫ-ਤੜਫ ਕੇ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਹਲਾਤ ਕਰਕੇ ਮੰਦਹਾਲੀ ਵਿੱਚੋਂ ਗੁਜਰ ਰਹੇ ਪੰਜਾਬ ਦੇ ਸਮੂਹ ਗਰੀਬਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
Captain Amarinder Singh
ਮੁੱਖ ਮੰਤਰੀ ਨੂੰ ਭੇਜੇ ਪੱਤਰ ਰਾਹੀਂ ਲਾਲ ਚੰਦ ਕੱਟਰੂਚੱਕ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਸਾਰੇ ਹੀ ਗਰੀਬ ਪਰਿਵਾਰਾਂ ਨੂੰ ਦੋ ਮਹੀਨਿਆਂ ਵਾਸਤੇ ਰਸੋਈ ਵਿੱਚ ਵਰਤੋਂ ਯੋਗ ਜਰੂਰੀ ਵਸਤਾਂ ਤੁਰੰਤ ਦਿੱਤੀਆਂ ਜਾਣ ਅਤੇ ਸਬੰਧਤ ਪਰਿਵਾਰਾਂ ਨੂੰ ਇੱਕ-ਇੱਕ ਗੈਸ ਸਿਲੰਡਰ ਮੁਫ਼ਤ ’ਚ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਰਕੇ ਕੰਮ ਧੰਦੇ ਬੰਦ ਹੋਣ ਕਾਰਨ ਸਾਰੇ ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ ਦਸ-ਦਸ ਹਜ਼ਾਰ ਰੁਪਏ ਨਗਦ ਸਹਾਇਤਾ ਦਿੱਤੀ ਜਾਵੇ । ਮਗਨਰੇਗਾ ਕਾਮਿਆਂ ਦੀਆਂ ਦਿਹਾੜੀਆਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਦਿਹਾੜੀ ਘੱਟੋ-ਘੱਟ 600 ਰੁਪਏ ਕੀਤੀ ਜਾਵੇ।
ਲਾਲ ਚੰਦ ਕੱਟਰੂਚੱਕ ਨੇ ਸਰਕਾਰੀ ਹਸਪਤਾਲਾਂ ਨੂੰ ਚੁਸਤ-ਦਰੁਸਤ ਕਰਨ ਦੀ ਮੰਗ ਕਰਦਿਆਂ ਕਿਹਾ ਡਾਕਟਰਾਂ, ਨਰਸ਼ਾਂ ਤੇ ਹੋਰ ਲੋੜੀਂਦੇ ਹੈਲਥ ਕਾਮਿਆਂ ਅਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ ॥ ਕਰੋਨਾ ਨਾਲ ਲੜਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਸਾਰਿਆਂ ਨੂੰ ਇੱਕਸਾਰ ਅਤੇ ਮੁਫ਼ਤ ਵੈਕਸੀਨ ਲਗਾਈ ਜਾਵੇ।