
‘ਸਿੱਟ’ ਵਲੋਂ ਪੇਸ਼ ਕਰਨ ’ਤੇ ਛੇ ਡੇਰਾ ਪ੍ਰੇਮੀਆਂ ਦਾ ਅਦਾਲਤ ਤੋਂ 21 ਮਈ ਤਕ ਮਿਲਿਆ ਪੁਲਿਸ ਰਿਮਾਂਡ
ਪਾਵਨ ਸਰੂਪ ਚੋਰੀ, ਭੜਕਾਊ ਪੋਸਟਰਾਂ ਅਤੇ ਬੇਅਦਬੀ ਕਾਂਡ ਦੀ ਹੋ ਰਹੀ ਹੈ ਜਾਂਚ!
ਕੋਟਕਪੂਰਾ, 17 ਮਈ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਐੱਸ.ਪੀ.ਐਸ. ਪਰਮਾਰ ਆਈ.ਜੀ. ਦੀ ਅਗਵਾਈ ਵਿਚ ਬੀਤੀ ਦੇਰ ਸ਼ਾਮ ਆਈਪੀਸੀ ਦੀ ਧਾਰਾ 153ਏ ਦਾ ਵਾਧਾ ਕਰ ਕੇ ਕਾਬੂ ਕੀਤੇ ਗਏ 6 ਡੇਰਾ ਪੇ੍ਰਮੀਆਂ ਨੂੰ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਾਰਜਨੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ’ਤੇ ਅਦਾਲਤ ਨੇ ਉਕਤਾਨ ਡੇਰਾ ਪੇ੍ਰਮੀਆਂ ਨੂੰ 21 ਮਈ ਲਈ ਪੁਲਿਸ ਰਿਮਾਂਡ ’ਤੇ ਭੇਜ ਦਿਤਾ। ਡੇਰਾ ਪੇ੍ਰਮੀਆਂ ਦੇ ਬਚਾਅ ਪੱਖ ਵਾਲੇ ਵਕੀਲ ਵਲੋਂ ਡੇਰਾ ਪੇ੍ਰਮੀਆਂ ਦੀ ਗਿ੍ਰਫ਼ਤਾਰੀ ਅਤੇ ਰਿਮਾਂਡ ਦਾ ਵਿਰੋਧ ਵੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ 02-06-2015, 25-09-2015, 12-10-2015 ਨੂੰ ਥਾਣਾ ਬਾਜਾਖਾਨਾ ਵਿਖੇ ਕ੍ਰਮਵਾਰ ਤਿੰਨ ਐਫਆਈਆਰਾਂ ਨੰਬਰ 63, ਨੰਬਰ 117 ਅਤੇ ਨੰਬਰ 128 ਅਣਪਛਾਤਿਆਂ ਵਿਰੁਧ ਦਰਜ ਹੋਈਆਂ ਸਨ। ਉਸ ਸਮੇਂ ਪਾਵਨ ਸਰੂਪ ਚੋਰੀ ਹੋਣ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਘਟਨਾਵਾਂ ਵਿਚ ਤਤਕਾਲੀਨ ਬਾਦਲ ਸਰਕਾਰ ਵਲੋਂ ਐਸਆਈਟੀ ਅਤੇ ਇਕ ਕਮਿਸ਼ਨ ਦਾ ਗਠਨ ਕਰਨ ਦੇ ਨਾਲ-ਨਾਲ ਮਾਮਲਾ ਸੀਬੀਆਈ ਨੂੰ ਸੌਂਪ ਦਿਤਾ ਗਿਆ ਸੀ, ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਡੇਰਾ ਪੇ੍ਰਮੀਆਂ ਨੂੰ ਉਕਤ ਮਾਮਲਿਆਂ ਵਿਚ ਨਾਮਜ਼ਦ ਕਰਨ ਉਪਰੰਤ ਚਲਾਨ ਰੀਪੋਰਟਾਂ ਪੇਸ਼ ਕਰ ਦੇਣ ਦੇ ਬਾਵਜੂਦ ਵੀ ਸੀਬੀਆਈ ਵਲੋਂ ਉਕਤ ਡੇਰਾ ਪੇ੍ਰਮੀਆਂ ਨੂੰ ਕਲੀਨ ਚਿੱਟ ਦੇ ਦੇਣ ਨਾਲ ਰਾਜਨੀਤਕ ਅਤੇ ਪੰਥਕ ਹਲਕਿਆਂ ਵਿਚ ਬਹੁਤ ਚਰਚਾ ਚਲਦੀ ਰਹੀ।
ਪਾਵਨ ਸਰੂਪ ਚੋਰੀ ਹੋਣ, ਭੜਕਾਊ ਪੋਸਟਰ ਲੱਗਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੂੰ ਹਟਾ ਕੇ ਐਸਪੀਐਸ ਪਰਮਾਰ ਆਈ.ਜੀ. ਨੂੰ ਐਸਆਈਟੀ ਦਾ ਮੁਖੀ ਥਾਪਣ ਤੋਂ ਬਾਅਦ ਜਮਾਨਤ ’ਤੇ ਚੱਲ ਰਹੇ 6 ਡੇਰਾ ਪੇ੍ਰਮੀਆਂ ਬਲਜੀਤ ਸਿੰਘ ਵਾਸੀ ਪਿੰਡ ਸਿੱਖਾਂਵਾਲਾ, ਸ਼ਕਤੀ ਸਿੰਘ ਵਾਸੀ ਪਿੰਡ ਡੱਗੋਰੋਮਾਣਾ ਸਮੇਤ ਕੋਟਕਪੂਰੇ ਦੇ ਵਸਨੀਕ ਨਿਸ਼ਾਨ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ ਸੰਨੀ ਅਤੇ ਪ੍ਰਦੀਪ ਸਿੰਘ ਨੂੰ ਉਕਤ ਮਾਮਲੇ ਵਿਚ ਧਾਰਾ ਦਾ ਵਾਧਾ ਕਰ ਕੇ ਹਿਰਾਸਤ ਵਿਚ ਲੈਣ ਉਪਰੰਤ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਹੁਣ 21 ਮਈ ਤਕ ਪੁੱਛ-ਪੜਤਾਲ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਉਕਤਾਨ ਨੂੰ ਭੱਦੀ ਸ਼ਬਦਾਵਲੀ ਵਾਲਾ ਪੋਸਟਰ ਲਾਉਣ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਮਾਮਲੇ ’ਚ ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠਲੀ ‘ਸਿਟ’ ਵਲੋਂ ਪਿਛਲੇ ਸਾਲ ਉਕਤਾਨ ਨੂੰ ਉਕਤ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਸ ਉਪਰੰਤ ਇਨ੍ਹਾਂ ਦੀ ਜ਼ਮਾਨਤ ਹੋ ਗਈ ਸੀ। ਇਸ ਮਾਮਲੇ ਦੀ ਸਾਂਝੀ ਜਾਂਚ ਨੂੰ ਲੈ ਕੇ ‘ਸਿੱਟ’ ਅਤੇ ਸੀ.ਬੀ.ਆਈ ਵਿਚ ਖੜ੍ਹੇ ਹੋਏ ਕਾਨੂੰਨੀ ਵਿਵਾਦ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਉਕਤ ਮਾਮਲੇ ਦੀ ਜਾਂਚ ਕੇਵਲ ਐਸਆਈਟੀ ਨੂੰ ਸੌਂਪ ਦਿਤੀ ਗਈ ਸੀ ਅਤੇ ਰਣਬੀਰ ਸਿੰਘ ਖੱਟੜਾ ਦੀ ਥਾਂ ਐਸ.ਪੀ.ਐਸ. ਪਰਮਾਰ ਨੂੰ ਇਸ ਦੀ ਅਗਵਾਈ ਸੌਂਪ ਦਿਤੀ ਗਈ ਸੀ।