
ਹਰਿਆਣਾ : ਗੰਦੇ ਪਾਣੀ ਨਾਲ ਭਰੇ ਤਲਾਬ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
ਭਿਵਾਨੀ, 16 ਮਈ : ਹਰਿਆਣਾ ਦੇ ਭਿਵਾਨੀ ਸਥਿਤ ਬਹਿਲ ਦੀ ਖਾੜੀ ਪਿੰਡ ’ਚ ਸੋਮਵਾਰ ਨੂੰ ਗੰਦੇ ਪਾਣੀ ਨਾਲ ਭਰੇ ਤਲਾਬ ਵਿਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪਿੰਡ ਦੇ ਬੰਟੀ ਗੋਸਵਾਮੀ ਸਰਮਾ ਨੇ ਦਸਿਆ ਕਿ ਬਹਿਲ ਵਿਚ ਤਲਾਬ ਨੂੰ ਅੰਮ੍ਰਿਤ ਸਰੋਵਰ ਸਕੀਮ ਤਹਿਤ ਵਿਕਿਸਤ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿਚ ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸੁਸੀਲ ਉਰਫ਼ ਗੋਲੂ (10), ਸਚਿਨ (11) ਅਤੇ ਲਖਨ (8) ਦੀ ਸੋਮਵਾਰ ਸਵੇਰੇ ਤਲਾਬ ’ਚ ਡੁੱਬਣ ਕਾਰਨ ਮੌਤ ਹੋ ਗਈ।
ਸ਼ਰਮਾ ਨੇ ਅੱਗੇ ਦਸਿਆ ਕਿ ਜਦੋਂ ਤਿੰਨ ਮੁੰਡੇ ਤਲਾਬ ਦੇ ਕੰਢੇ ’ਤੇ ਬਣੀ ਪਗਡੰਡੀ ਤੋਂ ਲੰਘ ਰਹੇ ਸਨ ਤਾਂ ਇਕ ਮੁੰਡੇ ਦੀ ਲੱਤ ਤਿਲਕ ਗਈ ਅਤੇ ਉਹ ਤਲਾਬ ’ਚ ਡਿੱਗ ਗਿਆ। ਉਨ੍ਹਾਂ ਦਸਿਆ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਾਕੀ ਦੋ ਮੁੰਡੇ ਵੀ ਡੁੱਬ ਗਏ। ਪਿੰਡ ਵਾਸੀਆਂ ਨੇ ਦਸਿਆ ਕਿ ਸੂਚਨਾ ਮਿਲਣ ’ਤੇ ਲੋਕਾਂ ਨੇ ਤਿੰਨਾਂ ਮੁੰਡਿਆ ਨੂੰ ਬੇਹੋਸੀ ਦੀ ਹਾਲਤ ’ਚ ਬਾਹਰ ਕਢਿਆ। ਦੋ ਮੁੰਡਿਆਂ ਨੂੰ ਹਿਸਾਰ ਅਤੇ ਇਕ ਨੂੰ ਭਿਵਾਨੀ ਦੇ ਹਸਪਤਾਲ ਭੇਜਿਆ ਗਿਆ ਪਰ ਮੁੱਢਲੀ ਸਹਾਇਤਾ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਤਿੰਨੋਂ ਮਿ੍ਰਤਕ ਬਹਿਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 4ਵੀਂ, 6ਵੀਂ ਅਤੇ 2ਵੀਂ ਜਮਾਤ ਦੇ ਵਿਦਿਆਰਥੀ ਸਨ। ਉਨ੍ਹਾਂ ਦਸਿਆ ਕਿ ਤਿੰਨਾਂ ਮੁੰਡਿਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਲੋਹਾਰੂ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਪੁਲਿਸ ਮੁਤਾਬਕ ਹਾਦਸੇ ਸਮੇਂ ਬੱਚੇ ਬੱਕਰੀ ਚਰਾਉਣ ਗਏ ਹੋਏ ਸਨ। (ਏਜੰਸੀ)