
ਰੋਜ਼ ਬਰਾਮਦ ਹੋ ਰਹੇ ਹਨ 13 ਦੇ ਕਰੀਬ ਮੋਬਾਈਲ ਫੋਨ
ਚੰਡੀਗੜ੍ਹ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਜੇਲ੍ਹਾਂ ਸਬੰਧੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਧਾਰ ਦੀ ਗੱਲ ਕਰਦੇ ਹਾਂ ਪਰ ਰੋਜ਼ 13 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ। ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਕੰਮ ਕੀਤੇ ਹੁੰਦੇ ਤਾਂ ਜੇਲ੍ਹਾਂ ਦਾ ਕੁਝ ਸੁਧਾਰ ਹੁੰਦਾ ਪਰ ਅਜਿਹੇ ਹਾਲਾਤ ਨਾ ਹੁੰਦੇ।
mobile phone from jail
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਕਮੀਆਂ ਕਾਰਨ ਹੀ ਸਾਨੂੰ ਇੰਨਾ ਵਕਤ ਲੱਗ ਰਿਹਾ ਹੈ। ਜੇਲ੍ਹ ਵਿਚ ਇੱਕ ਲੜਕੇ ਨਾਲ ਹੋਈ ਕੁੱਟਮਾਰ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਜੇਲ੍ਹਾਂ ਵਿਚ ਵਾਪਰਦੀਆਂ ਰਹਿੰਦੀਆਂ ਹਨ ਪਰ ਵੱਡਾ ਸਵਾਲ ਇਹ ਹੈ ਕਿ ਜੇਲ੍ਹਾਂ ਤੱਕ ਇਹ ਮੋਬਾਈਲ ਫੋਨ ਕਿਸ ਤਰ੍ਹਾਂ ਪਹੁੰਚੇ ਹਨ। ਦੱਸ ਦੇਈਏ ਕਿ ਹਰਜੋਤ ਬੈਂਸ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਅਸੀਂ ਜੇਲ੍ਹਾਂ ਦਾ ਸੁਧਾਰ ਸਭ ਤੋਂ ਪਹਿਲਾਂ ਕਰਾਂਗੇ।
Harjot Bains
ਆਮ ਆਦਮੀ ਪਾਰਟੀ ਵਲੋਂ ਜੇਲ੍ਹਾਂ ਵਿਚ ਸੁਧਾਰ ਦੀ ਗੱਲ ਆਖੀ ਜਾ ਰਹੀ ਹੈ ਪਰ ਬੀਤੇ ਦਿਨੀ ਵਾਇਰਲ ਹੋਈ ਇਸ ਜੇਲ੍ਹ ਵਿਚ ਕੁੱਟਮਾਰ ਦੀ ਵੀਡੀਓ ਨੇ ਜੇਲ੍ਹ ਪ੍ਰਸ਼ਾਸਨ 'ਤੇ ਸਵਾਲੀਆ ਚਿੰਨ੍ਹ ਲਗਾ ਦਿਤਾ ਹੈ। ਹੁਣ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਬਾਰੇ ਕਿਹਾ ਕਿ ਜੇਲ੍ਹ ਇੱਕ ਵੱਡਾ ਅਦਾਰਾ ਹੁੰਦੀ ਹੈ ਅਤੇ ਅਜਿਹੀਆਂ ਘਟਨਾਵਾਂ ਜੇਲ੍ਹਾਂ ਵਿਚ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਲੁਧਿਆਣਾ ਵਿਚ ਵੀ ਅਜਿਹੀ ਘਟਨਾ ਹੋਈ ਸੀ ਜਿਸ ਦੀ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ ਅਤੇ ਜੋ ਵੀ ਸਬੰਧਿਤ ਵਿਅਕਤੀ ਦੋਸ਼ੀ ਹੋਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।