ਅਪਣੇ ਪਿੰਡ ਨੂੰ ਦੁਨੀਆਂ ’ਚ ਆਈ.ਟੀ. ਹੱਬ ਬਣਾਉਣ ਵਾਲੀ ਮਨਦੀਪ ਕੌਰ ਟਾਂਗਰਾ ਦੇ ਸੰਘਰਸ਼ ਦੀ ਕਹਾਣੀ

By : KOMALJEET

Published : May 17, 2023, 12:04 pm IST
Updated : May 17, 2023, 12:04 pm IST
SHARE ARTICLE
Mandeep Kaur Tangra
Mandeep Kaur Tangra

    ਕਿਹਾ, ਮੈਨੂੰ ਅਫ਼ਸੋਸ ਹੈ, ਮੈਂ ਅਪਣੇ ਹਮਸਫ਼ਰ ਦੀ ਸੋਚ ਨਹੀਂ ਬਦਲ ਸਕੀ

11 ਸਾਲ ਬਾਅਦ ਵਿਆਹ ਟੁੱਟਣ ’ਤੇ ਮਨਦੀਪ ਕੌਰ ਟਾਂਗਰਾ ਦਾ ਛਲਕਿਆ ਦਰਦ
ਟਾਂਗਰਾ, 16 ਮਈ (ਅਰਪਨ ਕੌਰ, ਕੋਮਲਜੀਤ ਕੌਰ) :
ਪਿੰਡ ਵਿਚ ਆਈ.ਟੀ. ਕੰਪਨੀ ਖੋਲ੍ਹ ਕੇ ਦੇਸ਼-ਵਿਦੇਸ਼ ਵਿਚ ਇਲਾਕੇ ਦਾ ਨਾਂ ਚਮਕਾਉਣ ਵਾਲੀ ਮਨਦੀਪ ਕੌਰ ਟਾਂਗਰਾ ਕਿਸੇ ਵੀ ਜਾਣ-ਪਛਾਣ ਦੀ ਮੁਥਾਜ ਨਹੀਂ। ਪਿੰਡ ਵਿਚ ਖੋਲ੍ਹੀ ਕੰਪਨੀ ਦੇ ਸੀ.ਈ.ਓ., ਦੂਜਿਆਂ ’ਚ ਜਜ਼ਬਾ ਭਰਨ ਵਾਲੀ ਮਨਦੀਪ ਟਾਂਗਰਾ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਹਨ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਕਿਸੇ ਨੂੰ ਮੁਕੰਮਲ ਜਹਾਨ ਨਸੀਬ ਨਹੀਂ ਹੁੰਦਾ। ਕਈ ਵਾਰ ਜ਼ਿੰਦਗੀ ਵਿਚ ਊਣਤਾਈਆਂ ਰਹਿ ਜਾਂਦੀਆਂ ਹਨ ਜੋ ਜ਼ਿੰਦਗੀ ਦੇ ਸਫ਼ਰ ਨੂੰ ਮੁਕੰਮਲ ਕਰਦੀਆਂ ਹਨ। ਮਨਦੀਪ ਟਾਂਗਰਾ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਜਿਸ ਮਗਰੋਂ ਉਨ੍ਹਾਂ ਨੂੰ ਅਪਣੇ ਹਮਸਫ਼ਰ ਤੋਂ ਵੱਖ ਹੋਣਾ ਪਿਆ। ਇਸ ਮੁਕਾਮ ਤਕ ਪਹੁੰਚਣ ਲਈ ਜਿਸ ਸੰਘਰਸ਼ ਵਿਚੋਂ ਉਨ੍ਹਾਂ ਨੂੰ ਲੰਘਣਾ ਪਿਆ ਅਤੇ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਬਾਰੇ ਜਾਨਣ ਲਈ ਰੋਜ਼ਾਨਾ ਸਪੋਕਸਮੈਨ ਟੀਮ ਵਲੋਂ ਮਨਦੀਪ ਕੌਰ ਟਾਂਗਰਾ ਨਾਲ ਵਿਸ਼ੇਸ਼ ਗਲਬਾਤ ਕੀਤੀ ਗਈ।

ਮਨਦੀਪ ਟਾਂਗਰਾ ਨੇ ਦਸਿਆ ਕਿ ਮਿਹਨਤ ਕਰ ਕੇ ਅਪਣੀ ਕੰਪਨੀ ਬਣਾਉਣ ਦਾ ਕੰਮ ਉਨ੍ਹਾਂ ਕੀਤਾ ਹੈ ਉਹ ਉਨ੍ਹਾਂ ਦੇ ਪਿਤਾ ਜੀ ਤੋਂ ਮਿਲੀ ਪ੍ਰੇਰਨਾ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਈ ਮਾਪੇ ਜਾਇਦਾਦ ਨਹੀਂ ਸਗੋਂ ਔਲਾਦ ਬਣਾਉਂਦੇ ਹਨ ਜੋ ਕਿ ਮੇਰੇ ਪਿਤਾ ਜੀ ਨੇ ਕਰ ਕੇ ਦਿਖਾਇਆ ਹੈ। ਮਨਦੀਪ ਕੌਰ ਟਾਂਗਰਾ ਦੇ ਪਿਤਾ ਨੇ ਅਪਣੇ ਬੱਚਿਆਂ ਦੀ ਪ੍ਰਵਰਿਸ਼ ਸੁਚੱਜੇ ਢੰਗ ਨਾਲ ਕੀਤੀ ਇਥੋਂ ਤਕ ਕਿ ਬੱਚਿਆਂ ਦੀ ਪੜ੍ਹਾਈ ਲਈ ਤਿੰਨ ਫ਼ੀ ਸਦੀ ਵਿਆਜ ਤਕ ਵੀ ਲਿਆ। ਮਨਦੀਪ ਕੌਰ ਟਾਂਗਰਾ ਦਾ ਕਹਿਣਾ ਹੈ ਕਿ ਜਿਵੇਂ ਮੇਰੇ ਪਿਤਾ ਨੇ ਪਿੰਡ ਵਿਚ ਰਹਿ ਕੇ ਸਾਨੂੰ ਚੰਗੀ ਸਿਖਿਆ ਦਿਵਾਈ ਅਤੇ ਵਧੀਆ ਨਾਗਰਿਕ ਬਣਾਇਆ ਉਸੇ ਤਰ੍ਹਾਂ ਹੀ ਉਹ ਹੁਣ ਪਿੰਡ ਵਿਚ ਕਾਰੋਬਾਰ ਕਰ ਕੇ ਹੋਰਨਾਂ ਲਈ ਮਿਸਾਲ ਕਾਇਮ ਕਰ ਰਹੇ ਹਨ। ਦਸਣਯੋਗ ਹੈ ਕਿ ਮਨਦੀਪ ਕੌਰ ਟਾਂਗਰਾ ਨੇ ਪਿੰਡ ਵਿਚ ਸਥਾਪਤ ਕੀਤੀ ਇਸ ਕੰਪਨੀ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿਤਾ ਹੈ।

ਅਪਣੀ ਵਿਆਹੁਤਾ ਜ਼ਿੰਦਗੀ ਬਾਰੇ ਗੱਲ ਕਰਦਿਆਂ ਮਨਦੀਪ ਕੌਰ ਟਾਂਗਰਾ ਨੇ ਦਸਿਆ ਕਿ ਪਿੰਡ ਵਿਚ ਆਈ.ਟੀ. ਕੰਪਨੀ ਬਣਾਉਣ ਦਾ ਸੁਪਨਾ ਉਨ੍ਹਾਂ ਦੇ ਅਮਰੀਕਾ ਗਏ ਹਮਸਫ਼ਰ ਨੇ ਹੀ ਦਿਖਾਇਆ ਸੀ ਜਿਸ ਨੂੰ ਉਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਸਥਾਪਤ ਕੀਤਾ ਪਰ ਅਫ਼ਸੋਸ ਦੀ ਗੱਲ ਇਹ ਰਹੀ ਕਿ ਇੰਨੀ ਮਿਹਨਤ ਅਤੇ ਲਗਨ ਨਾਲ ਸ਼ੁਰੂ ਕੀਤੇ ਇਸ ਕਾਰੋਬਾਰ ’ਚ ਉਨ੍ਹਾਂ ਨੂੰ ਪੰਜਾਬ ਵਿਚ ਅਪਣੇ ਪਤੀ ਦਾ ਸਾਥ ਨਹੀਂ ਮਿਲ ਸਕਿਆ। ਮਨਦੀਪ ਕੌਰ ਟਾਂਗਰਾ ਨੇ ਦਸਿਆ ਕਿ ਨਾ ਤਾਂ ਉਨ੍ਹਾਂ ਨੇ ਇਸ ਖੇਤਰ ਵਿਚ ਪੜ੍ਹਾਈ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਈ.ਟੀ. ਬਾਰੇ ਕੋਈ ਜਾਣਕਾਰੀ ਸੀ ਸਗੋਂ ਅਪਣੇ ਪਤੀ ਦਾ ਸਾਥ ਦਿਤਾ।

ਮਨਦੀਪ ਦਾ ਕਹਿਣਾ ਉਹ ਅਮਰੀਕਾ ਜਾਣ ਦੀ ਬਜਾਏ ਪੰਜਾਬ ਨੂੰ ਤਰਜੀਹ ਦਿੰਦੇ ਹਨ ਅਤੇ ਇਥੇ ਰਹਿ ਕੇ ਹੀ ਕਾਰੋਬਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਆਪਸੀ ਵਿਚਾਰਧਾਰਾ ਵੱਖਰੀ ਹੋਣ ਕਾਰਨ ਉਨ੍ਹਾਂ ਨੂੰ ਅਪਣਾ 11 ਸਾਲ ਦਾ ਰਿਸ਼ਤਾ ਖ਼ਤਮ ਕਰਨਾ ਪਿਆ। ਮਨਦੀਪ ਟਾਂਗਰਾ ਨੇ ਦਸਿਆ ਕਿ ਤਲਾਕ ਹੋਣ ਮਗਰੋਂ ਉਨ੍ਹਾਂ ਨੂੰ ਬਹੁਤ ਲੋਕਾਂ ਦੇ ਸੰਦੇਸ਼ ਮਿਲੇ ਜਿਨ੍ਹਾਂ ਨੇ ਅਪਣੀਆਂ ਪ੍ਰੇਸ਼ਾਨੀਆਂ ਸਾਂਝੀਆਂ ਕੀਤੀਆਂ ਪਰ ਮਨਦੀਪ ਨੇ ਸਭ ਨੂੰ ਇਹੀ ਸਲਾਹ ਦਿਤੀ ਕਿ ਔਕੜਾਂ ਦਾ ਸਾਹਮਣਾ ਕਰੋ ਅਤੇ ਰਿਸ਼ਤੇ ਕਾਇਮ ਰੱਖੋ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਹੁਰੇ ਪ੍ਰਵਾਰ ਵਿਚੋਂ ਕਿਸੇ ਨੇ ਮੇਰਾ ਸਾਥ ਨਹੀਂ ਦਿਤਾ ਤਾਂ ਉਨ੍ਹਾਂ ਤੰਗ ਵੀ ਨਹੀਂ ਕੀਤਾ, ਸਗੋਂ ਇਹ ਰਿਸ਼ਤਾ ਖ਼ਤਮ ਹੋਣ ਦਾ ਕਾਰਨ ਅਮਰੀਕਾ ਸਾਹਮਣੇ ਪੰਜਾਬ ਦਾ ਅਕਸ ਅਤੇ ਪਿੰਡ ਦੀ ਕੁੜੀ ਵਲੋਂ ਕੀਤੀ ਮਿਹਨਤ ਨੂੰ ਕਾਇਮ ਰੱਖਣਾ ਸੀ। 

ਮਨਦੀਪ ਕੌਰ ਟਾਂਗਰਾ ਨੇ ਦਸਿਆ ਕਿ ਉਨ੍ਹਾਂ ਨੇ ਕਦੇ ਵੀ ਵਿਦੇਸ਼ ਨੂੰ ਤਰਜੀਹ ਨਹੀਂ ਦਿਤੀ ਅਤੇ ਇਸ ਬਾਰੇ ਵਿਆਹ ਤੋਂ ਪਹਿਲਾਂ ਹੀ ਅਪਣੇ ਪਤੀ ਨਾਲ ਗੱਲ ਸਪੱਸ਼ਟ ਕੀਤੀ ਸੀ। ਉਨ੍ਹਾਂ ਦਸਿਆ ਕਿ ਅਸੀਂ ਇਕੱਠਿਆਂ ਇਕ ਕਾਰੋਬਾਰ ਸ਼ੁਰੂ ਕੀਤਾ ਜਿਸ ਵਿਚ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਅਖ਼ੀਰ ‘ਤੇ ਉਨ੍ਹਾਂ ਦੇ ਪਤੀ ਨੇ ਹਾਰ ਮੰਨ ਲਈ ਪਰ ਮਨਦੀਪ ਅਪਣੀ ਸੋਚ ਨਾਲ ਅਜੇ ਵੀ ਖੜੇ ਹੋਏ ਹਨ। ਮਨਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਕਦੇ ਵੀ ਪੰਜਾਬ ਵਿਚ ਨਹੀਂ ਰਹੇ, ਹੋ ਸਕਦਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਵਿਚ ਵਖਰੇਵੇਂ ਦਾ ਇਹੀ ਕਾਰਨ ਹੋਵੇ।

ਅਪਣੀ ਜ਼ਿੰਦਗੀ ਦੇ ਇਸ ਮੁਸ਼ਕਲ ਸਫ਼ਰ ਨੂੰ ਸਮਾਜ ਨਾਲ ਸਾਂਝਾ ਕਰਨ ਦਾ ਮਨਦੀਪ ਦਾ ਇਹੀ ਮਕਸਦ ਹੈ ਕਿ ਉਨ੍ਹਾਂ ਦੀ ਇਸ ਕਹਾਣੀ ਤੋਂ ਸ਼ਾਇਦ ਕਿਸੇ ਹੋਰ ਨੂੰ ਵੀ ਸੇਧ ਮਿਲ ਸਕੇ। ਉਨ੍ਹਾਂ ਦਸਿਆ ਕਿ ਵਿਆਹੁਤਾ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾਉਣ ਲਈ ਦੋਹਾਂ ਦੀ ਕੋਸ਼ਿਸ਼ ਮਾਇਨੇ ਰਖਦੀ ਹੈ। ਉਨ੍ਹਾਂ ਨੇ ਅਪਣੇ ਪਤੀ ਦਾ ਭਰਪੂਰ ਸਾਥ ਦਿਤਾ ਇਥੋਂ ਤਕ ਕੇ ਲੋੜ ਪੈਣ ‘ਤੇ ਅਪਣੇ ਪਿਤਾ ਦੀ ਆਟਾ ਚੱਕੀ ਤੇ ਘਰ ਵੀ ਬੈਂਕ ਨੂੰ ਗਿਰਵੀ ਕਰ ਦਿਤਾ ਪਰ ਮਨਦੀਪ ਦੇ ਪਤੀ ਨੇ ਪੰਜਾਬ ਨੂੰ ਨਕਾਰ ਕੇ ਵਿਦੇਸ਼ ਨੂੰ ਤਰਜੀਹ ਦਿਤੀ।  ਤਲਾਕ ਸਮੇਂ ਵੀ ਮਨਦੀਪ ਦੇ ਪਤੀ ਦਾ ਇਹੀ ਕਹਿਣਾ ਸੀ ਕਿ ਉਹ ਕਾਰੋਬਾਰ ਇਕੱਠਾ ਰੱਖ ਸਕਦੇ ਹਨ ਪਰ ਇਸ ਰਿਸ਼ਤੇ ਵਿਚ ਨਹੀਂ ਰਹਿ ਸਕਦੇ ਜਿਸ ਨੂੰ ਮਨਦੀਪ ਨੇ ਨਕਾਰਿਆ ਅਤੇ ਹੁਣ ਆਤਮਨਿਰਭਰ ਅਤੇ ਸਨਮਾਨ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਹੋਰਨਾਂ ਲਈ ਪ੍ਰੇਰਨਾਸ੍ਰੋਤ ਬਣੀ ਮਨਦੀਪ ਟਾਂਗਰਾ ਅਕਸਰ ਅਪਣੀ ਜ਼ਿੰਦਗੀ ਨਾਲ ਜੁੜੇ ਕਿੱਸੇ ਸਾਂਝੇ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਮੌਜੂਦਾ ਸਮੇਂ ਵਿਚ ਅਜਿਹੀਆਂ ਔਕੜਾਂ ਦਾ ਸਾਹਮਣਾ ਕਰਨ ਵਾਲਿਆਂ ‘ਚ ਕੁੜੀਆਂ ਨਾਲੋਂ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ, ਜਿਸ ਨੂੰ ਸਮਝਣ ਦੀ ਜ਼ਰੂਰਤ ਹੈ। ਸਪੋਕਸਮੈਨ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਦੇ ਧੀਆਂ-ਪੁੱਤਰਾਂ ਨੂੰ ਸੰਦੇਸ਼ ਦਿਤਾ ਕਿ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਬਹੁਤ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਵਿਦੇਸ਼ਾਂ ਵਲ ਜਾਣ ਦੀ ਹੋੜ ਛੱਡ ਕੇ ਪੰਜਾਬ ਵਿਚ ਰਹਿੰਦਿਆਂ ਸਫ਼ਲਤਾ ਹਾਸਲ ਕੀਤੀ ਜਾਣੀ ਚਾਹੀਦੀ ਹੈ।

ਮਨਦੀਪ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਰਿਸ਼ਤਿਆਂ ਦੀ ਹੀ ਸਮਝ ਨਹੀਂ ਹੈ ਤਾਂ ਵਿਦੇਸ਼ਾਂ ਵਿਚ ਰਹਿ ਕੇ ਚੰਗੀ ਜ਼ਿੰਦਗੀ ਬਸਰ ਕਰਨ, ਕੋਠੀਆਂ-ਕਾਰਾਂ ਖ੍ਰੀਦਣ ਅਤੇ ਡਾਲਰ ਕਮਾਉਣ ਦਾ ਕੋਈ ਫ਼ਾਇਦਾ ਨਹੀਂ ਹੈ। ਮਨਦੀਪ ਟਾਂਗਰਾ ਦੀ ਇਸ ਸੰਘਰਸ਼ ਭਰੀ ਕਹਾਣੀ ਨੂੰ ਦੇਖ ਕੇ ਬਹੁਤ ਸਾਰੇ ਲੋਕ ਵਿਦੇਸ਼ਾਂ ‘ਚੋਂ ਪੰਜਾਬ ਵਾਪਸ ਪਰਤੇ ਹਨ ਅਤੇ ਹੁਣ ਇਥੇ ਹੀ ਕਾਰੋਬਾਰ ਕਰਨ ਦੇ ਹਾਮੀ ਵੀ ਬਣੇ ਹਨ। ਮਨਦੀਪ ਨੇ ਦਸਿਆ ਕਿ ਉਸ ਵਲੋਂ ਪੰਜਾਬ ਲਈ ਸ਼ੁਰੂ ਕੀਤੀ ਇਹ ਮੁਹਿੰਮ ਹੁਣ ਵੱਡਾ ਦਰਦ ਬਣ ਗਈ ਹੈ ਜੋ ਉਸ ਨੂੰ ਹੋਰ ਮਜ਼ਬੂਤੀ ਦੇ ਰਹੀ ਹੈ।

ਮਨਦੀਪ ਕੌਰ ਟਾਂਗਰਾ ਦੀ ਇਸ ਸੋਚ ਨੂੰ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਪਿਆਰ ਅਤੇ ਸਾਥ ਮਿਲ ਰਿਹਾ ਹੈ ਜਿਸ ਦਾ ਉਨ੍ਹਾਂ ਨੇ ਤਹਿ ਦਿਲ ਤੋਂ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਮਿਹਨਤ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਪੰਜਾਬ ਵਿਚ ਰੁਜ਼ਗਾਰ ਦੇ ਹੋਰ ਵੀ ਹੀਲੇ ਪੈਦਾ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਵਿਚ ਰਹਿੰਦਿਆਂ ਅਤੇ ਇਥੇ ਕਾਰੋਬਾਰ ਸਥਾਪਤ ਕਰ ਕੇ ਆਲਮੀ ਪੱਧਰ ‘ਤੇ ਕਿਵੇਂ ਨਾਮਣਾ ਖੱਟਿਆ ਜਾ ਸਕਦਾ ਹੈ, ਇਸ ਬਾਰੇ ਵੀ ਮੁਹਿੰਮ ਤੇਜ਼ ਕੀਤੀ ਜਾਵੇਗੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement