
ਗੰਗੋਪਾਧਿਆਏ ਮੌਜੂਦਾ ਲੋਕ ਸਭਾ ਚੋਣਾਂ ’ਚ ਚੌਥੇ ਆਗੂ ਹਨ ਜਿਨ੍ਹਾਂ ਨੂੰ ਔਰਤਾਂ ਵਿਰੁਧ ਕਥਿਤ ਅਸ਼ੋਭਨੀਕ ਟਿਪਣੀਆਂ ਲਈ ਨੋਟਿਸ ਭੇਜਿਆ ਗਿਆ ਹੈ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁਧ ‘ਗਲਤ, ਬੇਸਮਝੀ ਅਤੇ ਅਸ਼ੋਭਨੀਕ’ ਟਿਪਣੀ ਕਰਨ ਲਈ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਸਭਾ ਉਮੀਦਵਾਰ ਅਭਿਜੀਤ ਗੰਗੋਪਾਧਿਆਏ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।
ਗੰਗੋਪਾਧਿਆਏ ਮੌਜੂਦਾ ਲੋਕ ਸਭਾ ਚੋਣਾਂ ’ਚ ਚੌਥੇ ਆਗੂ ਹਨ ਜਿਨ੍ਹਾਂ ਨੂੰ ਔਰਤਾਂ ਵਿਰੁਧ ਕਥਿਤ ਅਸ਼ੋਭਨੀਕ ਟਿਪਣੀਆਂ ਲਈ ਨੋਟਿਸ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਭਾਜਪਾ ਦੇ ਦਿਲੀਪ ਘੋਸ਼ ਅਤੇ ਕਾਂਗਰਸ ਦੀ ਸੁਪ੍ਰਿਆ ਸ਼੍ਰੀਨੇਤ ਨੂੰ ਲੜੀਵਾਰ ਮਮਤਾ ਬੈਨਰਜੀ ਅਤੇ ਕੰਗਨਾ ਰਨੌਤ ਵਿਰੁਧ ਟਿਪਣੀ ਕਰਨ ਲਈ ਨੋਟਿਸ ਭੇਜਿਆ ਸੀ ਅਤੇ ਫਟਕਾਰ ਲਗਾਈ ਸੀ।
ਅਦਾਲਤ ਨੇ ਭਾਜਪਾ ਨੇਤਾ ਹੇਮਾ ਮਾਲਿਨੀ ਵਿਰੁਧ ਟਿਪਣੀ ਨੂੰ ਲੈ ਕੇ ਕਾਂਗਰਸ ਦੇ ਰਣਦੀਪ ਸੁਰਜੇਵਾਲਾ ’ਤੇ 48 ਘੰਟਿਆਂ ਲਈ ਚੋਣ ਪ੍ਰਚਾਰ ਕਰਨ ’ਤੇ ਰੋਕ ਲਗਾ ਦਿਤੀ ਸੀ।
ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ, ਜਿਸ ’ਚ ਗੰਗੋਪਾਧਿਆਏ ਨੇ 15 ਮਈ ਨੂੰ ਹਲਦੀਆ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਵਿਰੁਧ ਟਿਪਣੀ ਕੀਤੀ ਸੀ। ਭਾਜਪਾ ਨੇ ਗੰਗੋਪਾਧਿਆਏ ਨੂੰ ਪਛਮੀ ਬੰਗਾਲ ਦੀ ਤਾਮਲੁਕ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ, ਜਿੱਥੇ 25 ਮਈ ਨੂੰ ਵੋਟਾਂ ਪੈਣਗੀਆਂ।
ਕਮਿਸ਼ਨ ਨੇ 20 ਮਈ ਨੂੰ ਸ਼ਾਮ 5 ਵਜੇ ਤਕ ਜਵਾਬ ਮੰਗਿਆ ਹੈ। ਨੋਟਿਸ ’ਚ ਚੋਣ ਕਮਿਸ਼ਨ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਨੂੰ ਅਪਣੀ ਤਾਜ਼ਾ ਸਲਾਹ ਬਾਰੇ ਯਾਦ ਦਿਵਾਇਆ, ਜਿਸ ’ਚ ਕਿਹਾ ਗਿਆ ਸੀ ਕਿ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਕਿਸੇ ਵੀ ਅਜਿਹੇ ਕੰਮ ਜਾਂ ਕਾਰਵਾਈ ਜਾਂ ਬਿਆਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਔਰਤਾਂ ਦੇ ਸਨਮਾਨ ਅਤੇ ਮਾਣ ਲਈ ਨੁਕਸਾਨਦੇਹ ਮੰਨਿਆ ਜਾ ਸਕਦਾ ਹੈ।