
ਭਾਜਪਾ ਹਾਈ ਕਮਾਂਡ ਮੁਤਾਬਕ ਯੋਗੀ ਆਦਿੱਤਿਆਨਾਥ ਪੰਜਾਬ 'ਚ ਚੋਣ ਰੈਲੀਆਂ ਕਰਦੇ ਵੀ ਨਜ਼ਰ ਆਉਣਗੇ।
Lok Sabha Elections 2024: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਉਨ੍ਹਾਂ ਕੋਲੋਂ ਪੰਜਾਬ ਵਿਚ ਚੋਣ ਪ੍ਰਚਾਰ ਲਈ ਸਮਾਂ ਮੰਗਿਆ ਹੈ। ਭਾਜਪਾ ਹਾਈ ਕਮਾਂਡ ਮੁਤਾਬਕ ਯੋਗੀ ਆਦਿੱਤਿਆਨਾਥ ਪੰਜਾਬ 'ਚ ਚੋਣ ਰੈਲੀਆਂ ਕਰਦੇ ਵੀ ਨਜ਼ਰ ਆਉਣਗੇ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੰਜਾਬ ਦੇ ਬਟਾਲਾ, ਜਲੰਧਰ ਅਤੇ ਲੁਧਿਆਣਾ ਵਿਚ ਤਿੰਨ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਲੁਧਿਆਣਾ ਅਤੇ ਜਲੰਧਰ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਚੋਣ ਰੈਲੀਆਂ ਦੇ ਪਿੱਛੇ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਥੇ ਵੱਡੀ ਗਿਣਤੀ ਵਿਚ ਪੂਰਵਾਂਚਲ ਦੇ ਲੋਕ ਰਹਿੰਦੇ ਹਨ। ਲੁਧਿਆਣਾ ਅਤੇ ਜਲੰਧਰ ਪੰਜਾਬ ਦੇ ਉਦਯੋਗਿਕ ਕੇਂਦਰ ਹਨ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 20 ਮਈ ਨੂੰ ਚੰਡੀਗੜ੍ਹ ਵਿਚ ਚੋਣ ਪ੍ਰਚਾਰ ਕਰਨ ਵਾਲੇ ਹਨ। ਭਾਜਪਾ ਦੇ ਵੱਡੇ ਨੇਤਾਵਾਂ ਦੀ ਇਹ ਦੂਜੀ ਜਨਸਭਾ ਹੋਵੇਗੀ। ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਸੈਕਟਰ-27 ਦੇ ਰਾਮਲੀਲਾ ਮੈਦਾਨ 'ਚ ਜਨਸਭਾ ਕੀਤੀ। ਯੋਗੀ ਆਦਿੱਤਿਆਨਾਥ ਮਲੋਆ ਦੇ ਛੋਟੇ ਫਲੈਟਾਂ ਵਿਚ ਸਰਕਾਰੀ ਸਕੂਲ ਦੇ ਨੇੜੇ ਖਾਲੀ ਮੈਦਾਨ ਵਿਚ ਇੱ ਵੱਡੀ ਜਨਸਭਾ ਕਰਨਗੇ। ਭਾਜਪਾ ਨੇ ਇਸ ਖੇਤਰ ਵਿਚ ਇਹ ਸਮਾਗਮ ਆਯੋਜਿਤ ਕੀਤਾ ਹੈ ਕਿਉਂਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਜ਼ਾਰਾਂ ਲੋਕ ਛੋਟੇ ਫਲੈਟਾਂ ਵਿਚ ਰਹਿੰਦੇ ਹਨ। ਭਾਜਪਾ ਨੂੰ ਉਮੀਦ ਹੈ ਕਿ ਯੋਗੀ ਆਦਿੱਤਿਆਨਾਥ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਆਉਣਗੇ। ਯੋਗੀ ਆਦਿੱਤਿਆਨਾਥ ਸੰਜੇ ਟੰਡਨ ਦੇ ਹੱਕ ਵਿਚ ਪ੍ਰਚਾਰ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਵੀ ਆਉਣਗੇ ਚੰਡੀਗੜ੍ਹ
ਦਸਿਆ ਜਾ ਰਿਹਾ ਹੈ ਕਿ 25 ਅਤੇ 26 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ 'ਚ ਇਕ ਵੱਡੀ ਜਨਸਭਾ ਨੂੰ ਵੀ ਸੰਬੋਧਨ ਕਰ ਸਕਦੇ ਹਨ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਮਨੋਜ ਤਿਵਾੜੀ ਵੀ ਚੰਡੀਗੜ੍ਹ 'ਚ ਜਨਸਭਾ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਦੇ ਪ੍ਰੋਗਰਾਮ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।
(For more Punjabi news apart from UP CM Yogi Adityanath will campaign in Punjab, stay tuned to Rozana Spokesman)