
'ਸਿੱਖ ਰਾਇਸ਼ੁਮਾਰੀ 2020' ਦੀ ਹਮਾਇਤ ਕਰਨ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਦੇ ਬਿਆਨ ਦੀ ਕਰੜੀ....
ਸੰਗਰੂਰ : 'ਸਿੱਖ ਰਾਇਸ਼ੁਮਾਰੀ 2020' ਦੀ ਹਮਾਇਤ ਕਰਨ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਦੇ ਬਿਆਨ ਦੀ ਕਰੜੀ ਆਲੋਚਨਾ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਤੇ ਆਈ.ਟੀ. ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੋਸ਼ ਲਾਇਆ ਕਿ ਇਸ ਨਾਲ ਖਹਿਰਾ ਤੇ ਉਸ ਦੀ ਪਾਰਟੀ ਦੇ ਪੰਜਾਬ ਨੂੰ ਵੰਡਣ ਤੇ ਖਾੜਕੂਵਾਦ ਦੇ ਕਾਲੇ ਦਿਨਾਂ ਵਲ ਧੱਕਣ ਦੇ ਮਨਸੂਬਿਆਂ ਦੀ ਪੁਸ਼ਟੀ ਹੋਈ ਹੈ।
ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਪੁਲਿਸ ਨੇ ਪਹਿਲਾਂ ਹੀ ਪੰਜਾਬ ਵਿਰੋਧੀ ਤਾਕਤਾਂ ਦੇ ਕਈ ਏਜੰਟਾਂ ਨੂੰ ਸਲਾਖਾਂ ਪਿੱਛੇ ਧੱਕਿਆ ਹੈ ਅਤੇ ਪੰਜਾਬ ਵਿਚ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਨੱਥ ਪਾਈ ਹੈ ਪਰ ਹੁਣ ਇਨ੍ਹਾਂ ਤਾਕਤਾਂ ਨੇ ਸਾਡੇ ਆਗੂਆਂ ਨੂੰ ਭਰਮਾਉਣਾ ਸ਼ੁਰੂ ਕਰ ਦਿਤਾ ਹੈ ਅਤੇ ਖਹਿਰਾ ਅਜਿਹੇ ਆਗੂਆਂ ਵਿਚੋਂ ਇਕ ਜਾਪਦੇ ਹਨ।
ਕੈਬਨਿਟ ਮੰਤਰੀ ਨੇ ਖਹਿਰਾ ਨੂੰ ਸਵਾਲ ਕੀਤਾ ਕਿ ਜਦੋਂ ਪੰਜਾਬ ਸਰਕਾਰ ਦੀ ਸਖ਼ਤੀ ਨਾਲ ਇਹ ਮੁੱਦਾ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਹੈ ਤਾਂ ਹੁਣ ਉਨ੍ਹਾਂ ਰਾਇਸ਼ੁਮਾਰੀ ਦੀ ਹਮਾਇਤ ਕਰਨ ਵਾਲਾ ਅਜਿਹਾ ਬਿਆਨ ਕਿਸ ਦੇ ਕਹਿਣ ਉਤੇ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਜਾਰੀ ਕਰਨ ਦੇ ਸਮੇਂ ਤੋਂ ਪਤਾ ਚਲਦਾ ਹੈ ਕਿ ਖਹਿਰਾ ਪੰਜਾਬ ਵਿਰੋਧੀ ਤਾਕਤਾਂ ਦੇ ਪ੍ਰਭਾਵ ਹੇਠ ਹਨ, ਜਿਹੜੀਆਂ ਹੋਰ ਮੁਲਕਾਂ ਤੋਂ ਅਪਣੀਆਂ ਗਤੀਵਿਧੀਆਂ ਚਲਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਨ੍ਹਾਂ ਜਥੇਬੰਦੀਆਂ ਨੂੰ ਖੁਲ੍ਹੇਆਮ ਚੁਨੌਤੀ ਦੇ ਚੁੱਕੇ ਹਨ ਅਤੇ ਪੰਜਾਬ ਵਿਚ ਉਨ੍ਹਾਂ ਦੀਆਂ ਗਤੀਵਿਧੀਆਂ ਉਤੇ ਪਾਬੰਦੀ ਹੈ।
ਸ੍ਰੀ ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਵੀ ਸਪੱਸ਼ਟੀਕਰਨ ਮੰਗਦਿਆਂ ਪੁੱਛਿਆ ਕਿ ਕੀ ਉਹ ਵੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨਾਲ ਇਤਫ਼ਾਕ ਰਾਇ ਰੱਖਦੇ ਹਨ। ਉਨ੍ਹਾਂ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਵੰਡ ਪਾਊ ਸਿਆਸਤ ਵਿਰੁਧ 'ਆਪ' ਦੇ ਸਟੈਂਡ ਦੀ ਪੁਸ਼ਟੀ ਲਈ ਖਹਿਰਾ ਨੂੰ ਤੁਰਤ ਪਾਰਟੀ ਵਿਚੋਂ ਬਰਤਰਫ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਕੀਮਤੀ ਜਾਨਾਂ ਦੇ ਕੇ ਅਮਨ ਹਾਸਲ ਕੀਤਾ ਹੈ ਅਤੇ ਮੌਜੂਦਾ ਸਮੇਂ ਸਾਰੇ ਭਾਈਚਾਰੇ ਸ਼ਾਂਤੀ ਨਾਲ ਰਹਿ ਰਹੇ ਹਨ ਪਰ ਕੁੱਝ ਆਗੂ ਅਪਣੇ ਹਿੱਤਾਂ ਲਈ ਅਜਿਹੇ ਨਿਰਆਧਾਰ ਮੁੱਦੇ ਚੁੱਕ ਕੇ ਇਸ ਸ਼ਾਂਤੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਖਹਿਰਾ ਵਲੋਂ ਰਾਇਸ਼ੁਮਾਰੀ ਦੀ ਹਮਾਇਤ ਕਰਨ ਨਾਲ ਉਸ ਦਾ ਅਸਲ ਚਿਹਰਾ ਨੰਗਾ ਹੋਇਆ ਹੈ।
ਸ੍ਰੀ ਸਿੰਗਲਾ ਨੇ 'ਆਪ' ਦੇ ਹੋਰ ਆਗੂਆਂ ਦੀ ਚੁੱਪ ਉਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਆਗੂ ਖਹਿਰਾ ਦੇ ਬਿਆਨ ਬਾਰੇ ਅਪਣਾ ਸਟੈਂਡ ਜ਼ਰੂਰ ਸਪੱਸ਼ਟ ਕਰਨ ਕਿਉਂਕਿ ਉਨ੍ਹਾਂ ਦੀ ਖ਼ਾਮੋਸ਼ੀ ਨੂੰ ਖਹਿਰਾ ਦੀ ਹਮਾਇਤ ਸਮਝਿਆ ਜਾ ਰਿਹਾ ਹੈ। ਜੇ ਉਹ ਖਹਿਰਾ ਦੀ ਹਮਾਇਤ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ।''