
15 ਜੂਨ ਨੂੰ ਖ਼ਤਮ ਹੋਏ ਸਫ਼ਾਈ ਠੇਕੇ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਨਾ ਕਰਨ 'ਤੇ ਨਿਗਮ ਅਧਿਕਾਰੀ ਸਵਾਲਾਂ ਦੇ ਘੇਰੇ 'ਚ : ਬੇਦੀ
ਐਸ.ਏ.ਐਸ. ਨਗਰ, 16 ਜੂਨ (ਸੁਖਦੀਪ ਸਿੰਘ ਸੋਈ): ਮੁਹਾਲੀ ਨਗਰ ਨਿਗਮ ਵਲੋਂ ਸਫ਼ਾਈ ਦੇ ਖ਼ਤਮ ਹੋ ਰਹੇ ਠੇਕੇ ਸਬੰਧੀ ਟੈਂਡਰ ਜਾਰੀ ਕਰਨ ਲਈ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਨਿਗਮ ਅਧਿਕਾਰੀਆਂ 'ਤੇ ਸਵਾਲ ਚੁਕਦਿਆਂ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਟੈਂਡਰਾਂ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਹ ਠੇਕਾ 15 ਜੂਨ ਨੂੰ ਖ਼ਤਮ ਹੋ ਗਿਆ ਹੈ। ਉਨ੍ਹਾਂ ਇਸ ਸਬੰਧੀ ਸਥਾਨਕ ਸਰਕਾਰਾਂ ਮੰਤਰੀ ਸਮੇਤ, ਸਕੱਤਰ ਅਤੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਰਕਾਰ ਨੂੰ ਇਸ ਪਾਸੇ ਤੁਰਤ ਧਿਆਨ ਦੇਣਾ ਚਾਹੀਦਾ ਹੈ ਅਤੇ ਸਫ਼ਾਈ ਦਾ ਕੰਮ ਕਰਨ ਵਾਲੀ ਕੰਪਨੀ ਲਾਇੰਸ ਸਰਵਿਸਿਜ਼ ਲਿਮਟਿਡ ਨੂੰ ਦਿੱਤੀ ਜਾ ਰਹੀ ਐਕਸਟੈਂਸ਼ਨ ਨੂੰ ਸਮਾਂਬੱਧ ਕੀਤਾ ਜਾਣਾ ਚਾਹੀਦਾ ਹੈ। ਪੱਤਰ ਦੀ ਕਾਪੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਦਿਤੀ ਗਈ ਹੈ।
ਬੇਦੀ ਨੇ ਕਿਹਾ ਕਿ ਇਹ ਹੁਣ ਸਾਫ਼ ਹੈ ਕਿ ਐਕਸਟੈਂਸ਼ਨ ਤਾਂ ਦੇਣੀ ਹੀ ਪੈਣੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਐਕਸਟੈਂਸ਼ਨ ਸਿਰਫ਼ ਉਨੇ ਹੀ ਸਮੇਂ ਲਈ ਦਿਤੀ ਜਾਵੇ ਜੋ ਟੈਂਡਰਾਂ ਦੀ ਕਾਰਵਾਈ ਵਿਚ ਲਗੇਗਾ ਅਤੇ ਜੇ ਇਸ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਦਿਤਾ ਗਿਆ ਤਾਂ ਉਹ ਅਦਾਲਤ ਵਿਚ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਬੇਦੀ ਨੇ ਦੋਸ਼ ਲਗਾਇਆ ਕਿ 2015 ਵਿੱਚ ਜਦੋਂ ਨਗਰ ਨਿਗਮ ਦਾ ਹਾਉਸ ਚੁਣਿਆ ਵੀ ਨਹੀਂ ਗਿਆ ਸੀ ਤਾਂ ਉਸ ਸਮੇਂ ਦੇ ਕਮਿਸ਼ਨਰ ਨੇ ਇਹ ਠੇਕਾ ਦਿਤਾ ਸੀ ਜੋ ਕਿ ਸਿੱਧੇ ਸਿੱਧੇ ਉਸ ਸਮੇਂ ਦੀ ਅਕਾਲੀ ਸਰਕਾਰ ਦੇ ਦਬਾਅ ਵਿੱਚ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਊਸ ਵਿਚ ਸਮੇਂ ਸਮੇਂ ਤੇ ਚੁਣੇ ਹੋਏ ਨੁਮਾਇੰਦੇ ਸਫ਼ਾਈ ਦੇ ਭੈੜੇ ਹਾਲ ਸਬੰਧੀ ਆਵਾਜ਼ ਚੁਕਦੇ ਰਹੇ ਹਨ ਪਰ ਇਸ ਦੇ ਜਵਾਬ ਵਿੱਚ ਨਿਗਮ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਕੰਪਨੀ ਨੂੰ ਜੁਰਮਾਨਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਕੰਪਨੀ ਨੂੰ ਹਰ ਮਹੀਨੇ 1 ਕਰੋੜ 35 ਲੱਖ ਰੁਪਏ ਅਦਾ ਕੀਤੇ ਜਾ ਰਹੇ ਹੈ ਜਦਕਿ ਮੂਲ ਠੇਕਾ 1 ਕਰੋੜ 5 ਲੱਖ ਰੁਪਏ ਦਾ ਸੀ ਉਨ੍ਹਾਂ ਕਿਹਾ ਕਿ ਜੇਕਰ ਨਿਗਮ ਅਧਿਕਾਰੀ ਆਪਣੇ ਆਪ ਇਹ ਮੰਨਦੇ ਹਨ ਕਿ ਕੰਪਨੀ ਦਾ ਕੰਮ ਤਸੱਲੀਬਖ਼ਸ਼ ਨਹੀਂ ਹੈ ਤਾਂ ਠੇਕੇ ਦਾ ਏਰੀਆ ਕਿਉਂ ਵਧਾਇਆ ਗਿਆ।
ਬੇਦੀ ਨੇ ਕਿਹਾ ਕਿ ਜੇ ਇਸ ਮਾਮਲੇ ਵਿਚ ਦੇਰੀ ਕੀਤੀ ਗਈ ਅਤੇ ਐਕਸਟੈਂਸ਼ਨ ਦਾ ਸਮਾਂ ਵਧਾਇਆ ਗਿਆ ਤਾਂ ਉਹ ਨਗਰ ਨਿਗਮ ਵਿਰੁਧ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।