
ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਆਲੋਵਾਲ ਬਾਊਲੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਸਾਬਕਾ ਫ਼ੌਜੀ ਵਲੋਂ.....
ਧਾਰੀਵਾਲ, 16 ਜੂਨ: ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਆਲੋਵਾਲ ਬਾਊਲੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਸਾਬਕਾ ਫ਼ੌਜੀ ਵਲੋਂ ਚਲਾਈ ਗੋਲੀ ਨਾਲ ਦੋ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜਜ਼ ਵਿਚ ਲੈ ਕੇ ਇਕ ਅਣਪਛਾਤੇ ਸਮੇਤ ਛੇ ਵਿਰੁਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕੋਟ ਸੰਤੋਖ ਰਾਏ ਅੱਜ ਸਵੇਰੇ ਅਪਣੇ ਤਾਏ ਦੇ ਲੜਕੇ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਨਾਲ ਮੋਟਰਸਾਈਕਲ ਅਤੇ ਐਕਟਿਵਾ 'ਤੇ ਪਿੰਡ ਆਲੋਵਾਲ ਬਾਊਲੀ ਦੀ ਹਦੂਦ ਅੰਦਰ ਆਉਂਦੀ ਅਪਣੀ ਜ਼ਮੀਨ ਵਲ ਗੇੜਾ ਮਾਰਨ ਗਏ ਸੀ
ਜਿਥੇ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਆਲੋਵਾਲ ਬਾਊਲੀ ਜਿਸ ਦਾ ਮਕਾਨ ਉਨ੍ਹਾਂ ਦੀ ਪੈਲੀ ਦੇ ਨਾਲ ਲਗਦਾ ਹੈ ਨੇ ਹੱਥ ਵਿਚ ਦੋਨਾਲੀ ਬੰਦੂਕ ਲੈ ਕੇ ਅਪਣੇ ਹੋਰ ਪ੍ਰਵਾਰਕ ਮੈਂਬਰ ਲੜਕਾ ਸੁਖਮਨਦੀਪ ਸਿੰਘ, ਜਵਾਈ ਗੁਰਪਿੰਦਰ ਸਿੰਘ, ਪਤਨੀ ਹਰਜਿੰਦਰ ਕੌਰ ਅਤੇ ਲੜਕੀ ਅਮਨਦੀਪ ਕੌਰ ਨਾਲ ਘਰੋਂ ਬਾਹਰ ਆ ਗਿਆ ਅਤੇ ਆਉਂਦਿਆਂ ਹੀ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਦੋਹਾਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ
ਜਦਕਿ ਗੁਰਪ੍ਰੀਤ ਸਿੰਘ ਨੇ ਉਥੋਂ ਭੱਜ ਕੇ ਅਪਣੀ ਜਾਣ ਬਚਾਈ। ਉਕਤ ਜ਼ਮੀਨ ਮ੍ਰਿਤਕ ਭਾਰਵਾਂ ਨੇ ਖ਼ਰੀਦੀ ਸੀ ਜਿਸ ਨੂੰ ਦੋਸ਼ੀ ਸਾਬਕਾ ਫ਼ੌਜੀ ਖ਼ਰੀਦਣਾ ਚਾਹੁੰਦਾ ਸੀ ਅਤੇ ਇਸੇ ਵਿਵਾਦ ਕਰ ਕੇ ਉਸ ਵਲੋਂ ਦੋ ਭਰਾਵਾਂ ਦਾ ਕਤਲ ਕਰ ਦਿਤਾ ਗਿਆ। ਥਾਣਾ ਧਾਰੀਵਾਲ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ 'ਤੇ ਜਸਵਿੰਦਰ ਸਿੰਘ, ਸੁਖਮਨਦੀਪ ਸਿੰਘ, ਗੁਰਪਿੰਦਰ ਸਿੰਘ, ਹਰਜਿੰਦਰ ਕੌਰ, ਅਮਨਦੀਪ ਕੌਰ ਅਤੇ ਇਕ ਅਣਪਛਾਤੇ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।