
20 ਦੇ ਫ਼ੈਸਲੇ ਤੋਂ ਪਹਿਲਾਂ ਕੈਪਟਨ ਵਲੋਂ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਮੰਥਨ ਜਾਰੀ
ਚੰਡੀਗੜ੍ਹ, 16 ਜੂਨ (ਗੁਰਉਪਦੇਸ਼ ਭੁੱਲਰ) : 20 ਜੂਨ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਪਾਰਟੀ 'ਚ ਚੱਲ ਰਹੇ ਸੰਕਟ ਦੇ ਫ਼ੈਸਲੇ ਤੋਂ ਪਹਿਲਾਂ ਸੂਬੇ ਦੇ ਮੰਤਰੀਆਂ ਕਾਂਗਰਸ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਅਪਣੇ ਭਰੋਸੇ 'ਚ ਲੈਣ ਅਤੇ ਉਨ੍ਹਾਂ ਦੀ ਨਬਜ਼ ਟਟੋਲਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਰੁੱਪ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਅੱਜ ਵੀ ਉਨ੍ਹਾਂ ਅਪਣੀ ਰਿਹਾਇਸ਼ 'ਤੇ ਇਕ ਦਰਜਨ ਤੋਂ ਵਧ ਮੈਂਬਰਾਂ ਨਾਲ ਮੀਟਿੰਗ ਕਰ ਕੇ ਪਾਰਟੀ, ਸਰਕਾਰ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਤੋਂ ਹਲਕਿਆਂ ਦੇ ਬਕਾਇਆ ਰਹਿੰਦੇ ਕੰਮਾਂ ਬਾਰੇ ਵੀ ਪੁਛਿਆ ਗਿਆ ਤੇ ਅਧਿਕਾਰੀਆਂ ਨੂੰ ਨਾਲੋ-ਨਾਲ ਹਦਾਇਤਾਂ ਦਿਤੀਆਂ ਜਾ ਰਹੀਆਂ ਹਨ | ਮੁੱਖ ਮੰਤਰੀ ਨੇ ਅੱਜ ਜਿਨ੍ਹਾਂ ਨਾਲ ਮੀਟਿੰਗ ਕੀਤੀ, ਉਨ੍ਹਾਂ 'ਚ ਮੰਤਰੀ ਓ.ਪੀ. ਸੋਨੀ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੱਧੂ, ਸੰਸਦ ਮੈਂਬਰ ਮੁਹੰਮਦ ਸਦੀਕ, ਜਸਬੀਰ ਡਿੰਪਾ, ਵਿਧਾਇਕ ਫ਼ਤਿਹਜੰਗ ਬਾਜਵਾ, ਲਖਵੀਰ ਲੱਖਾ, ਡਿਪਟੀ ਸਪੀਕਰ ਅਜਾਇਬ ਸਿੰਘ ਸ਼ਾਮਲ ਹਨ |