
ਜਲ ਸਰੋਤ ਸੈੱਲ ਨੇ ਰਿਪੋਰਟ ਕੀਤੀ ਜਾਰੀ
ਸ਼੍ਰੀ ਚਮਕੌਰ ਸਾਹਿਬ (ਲੱਖਾ): ਪੰਜਾਬ ਸਰਕਾਰ ਦੇ ‘‘ਜਲ ਸਰੋਤ ਸੈਲ ਨੇ ਪੰਜਾਬ’’ ’ਚ ਜ਼ਮੀਨਦੋਜ਼ ਪਾਣੀ ਸਬੰਧੀ ਚਿੰਤਾਜਨਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਦੀ ਤਾਜ਼ਾ ਰਿਪੋਰਟ ਮੁਤਾਬਕ ਸੂਬੇ ਦੇ 9 ਜ਼ਿਲ੍ਹਿਆਂ ਵਿਚ ਪਿਛਲੇ ਇਕ ਸਾਲ ’ਚ ਜ਼ਮੀਨ ਹੇਠਲਾ ਪਾਣੀ ਔਸਤਨ 0.77 ਮੀਟਰ ਤੋਂ 1.59 ਮੀਟਰ (ਡੇਢ ਮੀਟਰ) ਤੋਂ ਜ਼ਿਆਦਾ ਹੇਠਾਂ ਚਲਾ ਗਿਆ। ਰਿਪੋਰਟ ਵਿਚ ਸੱਭ ਤੋਂ ਗੰਭੀਰ ਸਥਿਤੀ ਬਰਨਾਲਾ, ਬਠਿੰਡਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਪਟਿਆਲਾ, ਮੋਗਾ, ਜਲੰਧਰ ਅਤੇ ਸ਼੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੀ ਵਿਖਾਈ ਗਈ ਹੈ। ਜਦੋਂ ਕਿ ਫਾਜਿਲਕਾ, ਹੂਸਿਆਰਪੁਰ, ਸ਼੍ਰੀ ਮੁਕਤਸਰ ਸਾਹਿਬ ਵਾਰਿਸ਼ ਦੇ ਹਵਾਲੇ ਨਾਲ ਪਾਣੀ ਦਾ ਪੱਧਰ 0.16 ਮੀਟਰ (ਔਸਤਨ) ਉੱਪਰ ਆਇਆ ਦਰਜ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਜਿਥੇ ਮਾਰਚ 2014 ਵਿਚ ਬਰਨਾਲਾ ਜ਼ਿਲ੍ਹੇ ’ਚ ਧਰਤੀ ਹੇਠਲਾ ਪਾਣੀ ਔਸਤਨ 19.33 ਮੀਟਰ ਡੂੰਘਾ ਸੀ। ਉੱਥੇ ਮਾਰਚ 2023 ਮਹੀਨੇ ਕੀਤੀ ਜਾਂਚ ਦੌਰਾਨ ਪਾਣੀ ਦਾ ਪੱਧਰ ਔਸਤਨ 1.59 ਮੀਟਰ ਹੋਰ ਹੇਠਾਂ ਚਲਾ ਗਿਆ। ਇਸ ਜ਼ਿਲ੍ਹੇ ’ਚ ਜ਼ਮੀਨਦੋਜ਼ ਜਲ ਔਸਤਨ 20.92 ਮੀਟਰ ਡੂੰਘਾ ਚਲਾ ਗਿਆ ਹੈ। ਇਸ ਸਬੰਧੀ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਖ਼ਤਮ ਹੋਣ ਦੇ ਕਿਨਾਰੇ ਹੈ। ਇਹ ਸਾਮਰਾਜੀ ਖੇਤੀ ਮਾਡਲ ਅਤੇ ਕਾਰਪੋਰੇਟ ਪੱਖੀ ਸਨਅਤੀ ਨੀਤੀ ਕਾਰਨ ਵਾਪਰ ਰਿਹਾ ਹੈ।
ਇਸ ਲਈ ਕੁਦਰਤ ਪੱਖੀ ਹੰਢਣਸਾਰ ਖੇਤੀ ਮਾਡਲ ਦੀ ਜ਼ਰੂਰਤ ਹੈ। ਪੰਜਾਬ ਨੂੰ ਜ਼ੋਨਾਂ ਦੇ ਆਧਾਰ ਉੱਪਰ ਖੇਤੀ ਮਾਡਲ ਲਈ ਵਿਕਸਤ ਕੀਤਾ ਜਾਵੇ। ਝੋਨੇ ਦੀ ਥਾਂ ਬਾਕੀ ਫ਼ਸਲਾਂ ਦੀ ਸਰਕਾਰੀ ਖ਼ਰੀਦ ਦਾ ਪ੍ਰਬੰਧ ਕੀਤਾ ਜਾਵੇ। ਪੰਜਾਬ ਵਿਚ ਟੈਕਸਟਾਈਲ ਦਾ ਕਾਰੋਬਾਰ ਬੰਦ ਖੇਤੀ ਆਧਾਰਤ ਸਨਅਤ ਵਿਕਸਤ ਕੀਤੀ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਇਜ਼ ਯੂਨੀਅਨ (ਰਜਿ) ਪੰਜਾਬ ਦੇ ਸੁਬਾਈ ਪ੍ਰਧਾਨ ਮਹਿਮਾ ਸਿੰਘ ਧਨੌਲਾ
ਜਰਨਲ ਸਕੱਤਰ ਪਵਨ ਮੌਂਗਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਰਿਪੋਰਟ ਬਹੁਤ ਚਿੰਤਾਜਨਕ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਪਾਣੀ ਦੀ ਸਪਲਾਈ ਕਰਨ ਵਾਲੇ ਵਿਭਾਗ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉੱਥੇ ਹੀ ਪੈਂਡੂ ਜਲ ਘਰਾਂ ਦਾ ਪੰਚਾਇਤੀਕਰਨ /ਨਿਜੀਕਰਨ ਬੰਦ ਕਰ ਕੇ ਹਜ਼ਾਰਾਂ ਖ਼ਾਲੀ ਪਈਆਂ ਪੋਸਟਾ ਤੇ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ।