ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇ
Punjab News : ਆਲ ਇੰਡੀਆ ਪਾਵਰ ਇੰਜੀਨੀਅਰਿੰਗ ਫੈਡਰੇਸ਼ਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਬਿਜਲੀ ਦੀ ਵੱਧ ਰਹੀ ਮੰਗ ਨੂੰ ਲੈ ਕੇ ਪੰਜਾਬ 'ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਸ਼ੈਲੇਂਦਰ ਦੂਬੇ ਨੇ ਬਿਜਲੀ ਦੀ ਖਪਤ ਘਟਾਉਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਅੱਜ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਹਿਲੀ ਤੋਂ 15 ਜੂਨ ਤੱਕ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ 43 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੋ ਮੰਗ 11309 ਮੈਗਾਵਾਟ ਸੀ ,ਉਹ ਵੱਧ ਕੇ 15775 ਮੈਗਾਵਾਟ ਹੋ ਰਹੀ ਹੈ। ਇਸ ਨਾਲ ਸੂਬੇ ਦੇ ਬਿਜਲੀ ਸਪਲਾਈ ਢਾਂਚੇ 'ਤੇ ਭਾਰੀ ਬੋਝ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਦਾ ਸਮਾਂ ਹੈ , ਇਸ ਲਈ ਬਿਜਲੀ ਦਾ ਲੋਡ ਹੋਰ ਵਧਣਾ ਤੈਅ ਹੈ। ਇਸ ਲਈ ਬਿਜਲੀ ਦੀ ਖਪਤ ਘਟਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਫੈਡਰੇਸ਼ਨ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਝੋਨਾ ਲਗਾਉਣ ਦੀ ਤਰੀਖ 25 ਜੂਨ ਕੀਤੀ ਜਾਵੇ। ਝੋਨੇ ਦੀ ਖਾਸ ਕਿਸਮ ਹੀ ਬੀਜੀ ਜਾਵੇ। ਮੁਫ਼ਤ ਦਿੱਤੀ ਜਾਣ ਵਾਲੀ ਬਿਜਲੀ 'ਤੇ ਦੋਬਾਰਾ ਵਿਚਾਰ ਕੀਤਾ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਤਿ ਲੋੜੀਂਦੇ ਕੇਂਦਰੀ ਪੂਲ ਤੋਂ 1000 ਮੈਗਾਵਾਟ ਵਾਧੂ ਬਿਜਲੀ ਦੇਣ ਦਾ ਮਾਮਲਾ ਕੇਂਦਰੀ ਊਰਜਾ ਮੰਤਰੀ ਕੋਲ ਉਠਾਇਆ ਜਾਵੇ। ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇ। ਸਾਰੇ ਵਪਾਰਕ ਅਦਾਰੇ, ਦੁਕਾਨਾਂ, ਸ਼ੌਂਪਿੰਗ ਮਾਲ, ਸ਼ੋਅਰੂਮ ਆਦਿ ਨੂੰ 7 ਵਜੇ ਬੰਦ ਕਰਨ ਦੀ ਸਲਾਹ ਦਿੱਤੀ ਹੈ।