ਮੌਕੇ 'ਤੇ ਪਹੁੰਚੀ ਢਿਲਵਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Kapurthala News : ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ ਮੰਡ 'ਚ ਬੀਤੀ ਦੇਰ ਰਾਤ ਇੱਕ ਪਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਮੰਗਤ ਰਾਮ ਉਰਫ ਮੰਗੀ ਵਾਸੀ ਰਾਏਪੁਰ ਅਰਾਈਆਂ ਵਜੋ ਹੋਈ ਹੈ।
ਮੌਕੇ 'ਤੇ ਪਹੁੰਚੀ ਢਿਲਵਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪ੍ਰਵਾਸੀ ਮਜ਼ਦੂਰ ਸੁਸ਼ੀਲ ਕੁਮਾਰ ਵਾਸੀ ਗਾਮੇਲ ਜ਼ਿਲਾ ਮਾਧੋਪੁਰ (ਬਿਹਾਰ) ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਆਕਤੀ ਦੀ ਪਛਾਣ ਮੰਗਤ ਰਾਮ ਉਰਫ ਮੰਗੀ ਵਾਸੀ ਰਾਏਪੁਰ ਅਰਾਈਆਂ ਵਜੋਂ ਹੋਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਢਿਲਵਾਂ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪਿੰਡ ਰਾਏਪੁਰ ਅਰਾਈਆਂ ਵਾਸੀ ਬਰਕਤ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 9.15 ਵਜੇ ਪਿੰਡ ਦੇ ਹੀ ਮੰਗਤ ਰਾਮ ਉਰਫ ਮੰਗੀ ਅਤੇ ਸੁਸ਼ੀਲ ਕੁਮਾਰ ਪਿੰਡ ਗਾਮਲ ਜ਼ਿਲ੍ਹਾ ਮਾਧੋਪੁਰਾ (ਬਿਹਾਰ) ਸ਼ਰਾਬ ਪੀ ਰਹੇ ਸਨ। ਦੋਵੇਂ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਕਰਨ ਲੱਗੇ।
ਕੁਝ ਹੀ ਦੇਰ ਵਿੱਚ ਬਹਿਸ ਲੜਾਈ ਵਿੱਚ ਬਦਲ ਗਈ ਅਤੇ ਸੁਸ਼ੀਲ ਕੁਮਾਰ ਨੇ ਗੁੱਸੇ ਵਿੱਚ ਆ ਕੇ ਮੰਗੀ ਦੇ ਸਿਰ ਵਿੱਚ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਮੰਗੀ ਦੇ ਸਿਰ 'ਚੋਂ ਖੂਨ ਵਹਿਣ ਲੱਗਾ ਅਤੇ ਉਹ ਉੱਥੇ ਹੀ ਜ਼ਮੀਨ 'ਤੇ ਡਿੱਗ ਪਿਆ।
ਜਿਸ ਤੋਂ ਬਾਅਦ ਸੁਸ਼ੀਲ ਨੇ ਰਾਜ ਹੰਸ ਵਾਸੀ ਪਿੰਡ ਰਾਏਪੁਰ ਅਰਾਈਆਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਅਤੇ ਮੰਗਤ ਰਾਮ ਵਿਚਕਾਰ ਲੜਾਈ ਹੋਈ ਸੀ ਅਤੇ ਮੰਗਤ ਦੇ ਸਿਰ 'ਤੇ ਸੱਟ ਲੱਗੀ ਹੈ। ਕਾਲ ਕਰਨ ਤੋਂ ਬਾਅਦ ਸੁਸ਼ੀਲ ਮੌਕੇ ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਜਦੋਂ ਸਟੀਫਨ ਪ੍ਰਧਾਨ, ਰਾਜ ਹੰਸ ਅਤੇ ਅਜੇ ਕੁਮਾਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੰਗਤ ਰਾਮ ਦੀ ਮੌਤ ਹੋ ਚੁੱਕੀ ਸੀ।
ਆਰੋਪੀ ਨੂੰ ਕੀਤਾ ਗ੍ਰਿਫਤਾਰ
ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।