
BSF ਵਲੋਂ ਪਿੰਡ ਹਾਸ਼ੀਮਪੁਰਾ ਦੇ ਖੇਤਾਂ 'ਚੋਂ ਹੈਕਸਾਕਾਪਟਰ ਡਰੋਨ ਬਰਾਮਦ
ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ ਨੇ ਐਤਵਾਰ ਸ਼ਾਮ ਨੂੰ ਪੰਜਾਬ ਦੇ ਅੰਮ੍ਰਿਤਸਰ ਅਧੀਨ ਆਉਂਦੇ ਸਰਹੱਦੀ ਖੇਤਰ ਵਿਚ ਡਰੋਨ ਬਰਾਮਦ ਕੀਤਾ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਡਰੋਨ ਨਸ਼ੇ ਦੀ ਖੇਪ ਸੁੱਟਣ ਲਈ ਭਾਰਤੀ ਸਰਹੱਦ 'ਤੇ ਆਇਆ ਸੀ। ਡਰੋਨ ਦੀ ਹਲਚਲ ਹੋਣ 'ਤੇ ਬੀ.ਐਸ.ਐਫ਼. ਵਲੋਂ ਚੌਕਸੀ ਵਰਤਦਿਆਂ ਇਹ ਹੈਕਸਗਨ ਡਰੋਨ ਬਰਾਮਦ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
ਬੀ.ਐਸ.ਐਫ਼. ਮੁਤਾਬਕ ਐਤਵਾਰ ਸ਼ਾਮ ਨੂੰ ਖਾਸ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਬੀ.ਐਸ.ਐਫ਼. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਾਸ਼ੀਮਪੁਰਾ ਦੇ ਬਾਹਰਵਾਰ ਖੇਤਾਂ ਵਿਚੋਂ ਡਰੋਨ ਬਰਾਮਦ ਕੀਤਾ। ਇਹ ਹੈਕਸਾਕਾਪਟਰ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਕਰਦੇ ਹਨ।
ਬੀ.ਐਸ.ਐਫ਼. ਵਲੋਂ ਜੁਲਾਈ ਮਹੀਨੇ ਵਿਚ ਬਰਾਮਦ ਕੀਤਾ ਗਿਆ ਇਹ ਤੀਜਾ ਡਰੋਨ ਹੈ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਤਰਨਤਾਰਨ ਦੇ ਰਾਜੋਕੇ ਤੋਂ ਇਹ ਬਰਾਮਦ ਹੋਇਆ ਸੀ ਅਤੇ ਅਗਲੇ ਹੀ ਦਿਨ 9 ਜੁਲਾਈ ਨੂੰ ਅੰਮ੍ਰਿਤਸਰ ਦੇ ਕੱਕੜ ਤੋਂ ਡਰੋਨ ਬਰਾਮਦ ਹੋਇਆ। ਇਸ ਦੇ ਨਾਲ ਹੀ ਜੂਨ ਮਹੀਨੇ ਵਿਚ ਕੁੱਲ 8 ਡਰੋਨ ਬਰਾਮਦ ਕੀਤੇ ਗਏ।