
ਕਰੀਬ ਇੱਕ ਸਾਲ ਬਾਅਦ ਯੂਨੀਵਰਸਿਟੀ ਦੀ ਇਸ ਪੋਸਟ 'ਤੇ ਡਾ. ਸੂਦ ਨੇ ਸੰਭਾਲਿਆ ਅਹੁਦਾ
ਫਰੀਦਕੋਟ - ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਨੂੰ ਅੱਜ ਆਪਣਾ ਰੈਗੂਲਰ ਵਾਈਸ ਚਾਂਸਲਰ ਮਿਲ ਗਿਆ ਹੈ। ਡਾ: ਰਾਜੀਵ ਸੂਦ ਨੇ ਸੋਮਵਾਰ ਸਵੇਰੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਛੇਵੇਂ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਕਰੀਬ ਇੱਕ ਸਾਲ ਬਾਅਦ ਉਹ ਯੂਨੀਵਰਸਿਟੀ ਦੀ ਇਸ ਪੋਸਟ 'ਤੇ ਜੁਆਇਨ ਹੋਏ ਹਨ।
ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਬਾਬਾ ਫ਼ਰੀਦ ਟਿੱਲਾ ਪੁੱਜੇ ਅਤੇ ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਉਹਨਾਂ ਦੇ ਨਾਲ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਰਾਜੀਵ ਨੇ ਕਿਹਾ ਕਿ ਵਾਈਸ ਚਾਂਸਲਰ ਦਾ ਅਹੁਦਾ ਲੰਬੇ ਸਮੇਂ ਤੋਂ ਖਾਲੀ ਪਿਆ ਸੀ। ਅਜਿਹੀ ਸਥਿਤੀ ਵਿਚ ਸਾਨੂੰ ਸਾਰਿਆਂ ਨੂੰ ਮਿਲ ਕੇ 2 ਮਹੀਨੇ ਦਾ ਕੰਮ ਇੱਕ ਮਹੀਨੇ ਵਿਚ ਅਤੇ 6 ਮਹੀਨਿਆਂ ਦਾ ਕੰਮ ਕਰਨਾ ਹੋਵੇਗਾ।
Dr.Rajeev Sood
ਡਾ: ਰਾਜੀਵ ਨੇ ਕਿਹਾ ਕਿ ਯੂਨੀਵਰਸਿਟੀ ਦਾ ਕੰਮ ਸਮੂਹ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਸਭ ਦੇ ਸਹਿਯੋਗ ਨਾਲ ਜੋ ਵੀ ਸਮੱਸਿਆਵਾਂ ਅਤੇ ਮੰਗਾਂ ਹਨ, ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਪੂਰਾ ਕੀਤਾ ਜਾਵੇਗਾ। ਮੇਰੇ ਕੋਲ 40 ਸਾਲਾਂ ਦਾ ਤਜ਼ਰਬਾ ਹੈ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵੀ ਪੇਸ਼ੇ ਤੋਂ ਡਾਕਟਰ ਹਨ, ਅਜਿਹੇ 'ਚ ਉਨ੍ਹਾਂ ਦਾ ਤਜ਼ਰਬਾ ਵੀ ਕਾਫੀ ਲਾਹੇਵੰਦ ਹੋਵੇਗਾ।
ਡਾ: ਸੂਦ ਨੇ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਨਾਲ ਜੁੜੀ ਧਰਤੀ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਦੱਸ ਦਈਏ ਕਿ ਪਿਛਲੇ ਸਾਲ ਜੁਲਾਈ ਵਿਚ ਸਰਜਨ ਡਾਕਟਰ ਰਾਜ ਬਹਾਦਰ ਦੇ ਅਸਤੀਫ਼ੇ ਤੋਂ ਬਾਅਦ ਵੀਸੀ ਦਾ ਅਹੁਦਾ ਖਾਲੀ ਹੋ ਗਿਆ ਸੀ।
Dr.Rajeev Sood
ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਦੇ ਮੁਲਾਜ਼ਮਾਂ ਦੀਆਂ ਮੰਗਾਂ, ਮੈਡੀਕਲ ਕਾਲਜ ਦੀ ਖਸਤਾ ਹਾਲਤ ਨੂੰ ਸੁਧਾਰਨਾ, ਡਾਕਟਰਾਂ ਦੀ ਘਾਟ, ਚੋਟੀ ਦੇ ਡਾਕਟਰਾਂ ਦਾ ਪਲਾਇਨ ਰੋਕਣਾ, ਆਰਥਿਕ ਮੰਦਹਾਲੀ, ਧੜੇਬੰਦੀ ਆਦਿ ਵਰਗੀਆਂ ਕਈ ਵੱਡੀਆਂ ਸਮੱਸਿਆਵਾਂ ਡਾ. ਸੂਦ ਦੇ ਸਾਹਮਣੇ ਖੜ੍ਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਵੱਡੀ ਚੁਣੌਤੀ ਹੈ।