
ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਤੋਂ ਪੀੜਤ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ
Navjot kaur Sidhu : ਨਵਜੋਤ ਕੌਰ ਸਿੱਧੂ ਪਿਛਲੇ ਕੁੱਝ ਮਹੀਨਿਆਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਕੌਰ ਸਿੱਧੂ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ X 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਜਿਸ ਵਿਚ ਉਨ੍ਹਾਂ ਨੇ ਆਖਿਆ ਹੈ ਕਿ ਨਵਜੋਤ ਕੌਰ ਸਿੱਧੂ ਦੀ ਰੇਡੀਓਥੈਰੇਪੀ ਪੂਰੀ ਹੋ ਚੁੱਕੀ ਹੈ, ਦੂਜੀ ਸਰਜਰੀ ਤੋਂ ਬਾਅਦ 6 ਮਹੀਨਿਆਂ ਦੇ ਔਖੇ ਇਲਾਜ ਤੋਂ ਬਾਅਦ ਆਖਰਕਾਰ ਉਹ ਕੱਲ੍ਹ ਬਾਹਰ ਜਾਣ ਲਈ ਸਹਿਮਤ ਹੋ ਗਈ ਹੈ। ਹਾਲਾਂਕਿ ਉਹ ਬਾਹਰ ਕਿੱਥੇ ਜਾ ਰਹੇ ਹਨ ਇਸ ਦੀ ਜਾਣਕਾਰੀ ਉਨ੍ਹਾਂ ਨੇ ਸਾਂਝੀ ਨਹੀਂ ਕੀਤੀ ਹੈ।
ਦੱਸ ਦੇਈਏ ਕਿ ਡਾਕਟਰ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਸਮੇਂ ਤੋਂ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੀਮੋਥਰੈਪੀਆਂ ਕਾਰਨ ਉਨ੍ਹਾਂ ਦੇ ਸਿਰ ਦੇ ਵਾਲ ਵੀ ਝੜ ਗਏ ਸਨ। ਇਸ ਔਖੇ ਸਮੇਂ ਵਿਚ ਨਵਜੋਤ ਸਿੱਧੂ ਇਕ ਚੰਗੇ ਪਤੀ ਵਾਂਗ ਉਨ੍ਹਾਂ ਦਾ ਖਿਆਲ ਰੱਖ ਰਹੇ ਹਨ ਤੇ ਇਲਾਜ ਦੌਰਾਨ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਇਹ ਵੀ ਦੱਸ ਦੇਈਏ ਕਿ ਹਰ ਕੀਮੋਥਰੈਪੀ ਮਗਰੋਂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਵੱਖ -ਵੱਖ ਰਮਣੀਕ ਥਾਵਾਂ ਦੀ ਯਾਤਰਾ ’ਤੇ ਅਤੇ ਕਦੇ ਰੂਹਾਨੀ ਯਾਤਰਾ ’ਤੇ ਲੈ ਕੇ ਜਾਂਦੇ ਰਹੇ ਹਨ। ਹੁਣ ਵੀ ਰੇਡੀਓਥੈਰੇਪੀ ਮਗਰੋਂ ਕਿਸੇ ਯਾਤਰਾ 'ਤੇ ਜਾ ਸਕਦੇ ਹਨ ਪਰ ਕਿੱਥੇ ਜਾ ਰਹੇ ਹਨ ,ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਨ੍ਹਾਂ ਯਾਤਰਾਵਾਂ ਦੌਰਾਨ ਕਈ ਥਾਈਂ ਉਨ੍ਹਾਂ ਦੇ ਬੱਚੇ ਵੀ ਨਾਲ ਨਜ਼ਰ ਆਏ ਸਨ।