ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਪੰਜ ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ
Moga News : ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਬਹਿਰਾਮਕੇ 'ਚ ਉਸ ਸਮੇਂ ਮਾਹੌਲ ਬੇਹੱਦ ਗਮਗੀਨ ਹੋ ਗਿਆ ਜਦੋਂ ਸਵਰਗਵਾਸੀ ਚਾਨਣ ਸਿੰਘ ਬਹਿਰਾਮਕੇ ਦੀ ਬੇਟੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਚਾਨਣ ਸਿੰਘ ਵਾਸੀ ਬਹਿਰਾਮਕੇ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਜਸਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਖਰੜ ਨਾਲ ਹੋਇਆ ਸੀ।
ਮ੍ਰਿਤਕ ਵੀਰਪਾਲ ਕੌਰ ਦੇ ਭਰਾ ਸੁਖਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਅਨੁਸਾਰ ਵੀਰਪਾਲ ਕੌਰ ਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦਾਜ ਨੂੰ ਲੈ ਕੇ ਵੀਰਪਾਲ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਈ ਵਾਰ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀਰਪਾਲ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਤੇ ਉਹ ਆਪਣੇ ਪੇਕੇ ਪਿੰਡ ਬਹਿਰਾਮਕੇ ਵਿਖੇ ਆਈ ਸੀ। ਵੀਰਪਾਲ ਕੌਰ ਦੇ ਸਹੁਰੇ ਪਰਿਵਾਰ ਵੱਲੋਂ ਮੋਹਾਲੀ ਵੁਮੈਨ ਸੈਲ 'ਚ ਰਾਜ਼ੀਨਾਮਾ ਕਰਵਾ ਕੇ ਵੀਰਪਾਲ ਨੂੰ ਤਲਾਕ ਦੇਣ ਦੀ ਗੱਲ ਕਹੀ ਪਰ ਵੀਰਪਾਲ ਕੌਰ ਤਲਾਕ ਦੇਣ ਲਈ ਮੰਨੀ ਨਹੀਂ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੀ ਚਾਰ ਸਾਲ ਦੀ ਬੱਚੀ ਸਰਗਣ ਨੂੰ ਵੀ ਉਸ ਕੋਲੋਂ ਖੋਹ ਲਿਆ ਤੇ ਉਲਟਾ ਧਮਕੀਆਂ ਦਿੱਤੀਆਂ।
ਲੜਕੀ ਦੇ ਭਰਾ ਨੇ ਕਿਹਾ ਕਿ ਅਸੀਂ ਆਪਣੀ ਲੜਕੀ ਨੂੰ ਆਪਣੇ ਪਿੰਡ ਬਹਿਰਾਮਕੇ ਲੈ ਆਏ। ਭਰਾ ਨੇ ਕਿਹਾ ਕਿ ਮੈਂ ਆਪਣੇ ਲੜਕੇ ਨੂੰ ਮੋਗਾ ਤੋਂ ਦਵਾਈ ਦਵਾਉਣ ਲਈ ਗਿਆ ਸੀ ਅਤੇ ਮੇਰੀ ਭੈਣ ਵੀਰਪਾਲ ਕੌਰ ਘਰ ਵਿੱਚ ਇਕੱਲੀ ਸੀ। ਉਸਨੇ ਇੱਕ ਖੁਦਕੁਸ਼ੀ ਨੋਟਿਸ ਲਿਖ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਮੌਕੇ ਜਦੋਂ ਇਸ ਸਬੰਧ ਵਿੱਚ ਥਾਣਾ ਕੋਟ ਇਸੇ ਖਾਂ ਦੇ ਇੰਸਪੈਕਟਰ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਮ੍ਰਿਤਕਾ ਵੀਰਪਾਲ ਕੌਰ ਦੇ ਭਰਾ ਦੇ ਬਿਆਨਾਂ 'ਤੇ ਪੰਜ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ- ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ।