
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਲਿਆ ਕਬਜ਼ੇ ਵਿਚ, ਖ਼ੁਦਕੁਸ਼ੀ ਦਾ ਖ਼ਦਸ਼ਾ
Gunman of Derabassi Female Judge dies under Suspicious Circumstances Latest News in Punjabi ਡੇਰਾਬੱਸੀ : ਡੇਰਾਬੱਸੀ ਦੀ ਜੱਜ ਦੀ ਸੁਰੱਖਿਆ ਵਿਚ ਲੱਗੇ ਸਰਕਾਰੀ ਗੰਨਮੈਨ ਦੀ ਲਾਸ਼ ਗੱਡੀ 'ਚੋਂ ਮਿਲਣ ਕਾਰਨ ਅੱਜ ਇਲਾਕੇ ’ਚ ਸਨਸਨੀ ਫੈਲ ਗਈ। ਮੱਥੇ ਵਿਚ ਗੋਲੀ ਲੱਗੀ ਹੋਣ ਕਾਰਨ ਖ਼ੁਦਕੁਸ਼ੀ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੀ ਪਛਾਣ 36 ਸਾਲਾਂ ਹਰਜੀਤ ਸਿੰਘ ਵਾਸੀ ਪਿੰਡ ਸੁੰਡਰਾ ਡੇਰਾਬੱਸੀ ਵਜੋ ਹੋਈ ਹੈ।
ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਡੇਰਾਬੱਸੀ ਕੋਰਟ ਦੀ ਜੱਜ ਸਾਹਿਬਾਨ ਡੇਰਾਬੱਸੀ ਏ.ਟੀ.ਐਸ. ਵਿਲਾ ਵਿਚ ਰਹਿੰਦੇ ਹਨ। ਉਕਤ ਮੁਲਾਜ਼ਮ ਉਨ੍ਹਾਂ ਨਾਲ ਤਾਇਨਾਤ ਸੀ। ਦੇਰ ਸ਼ਾਮ ਇਕ ਚੰਡੀਗੜ੍ਹ ਦਾ ਪੁਲਿਸ ਮੁਲਾਜ਼ਮ ਉਕਤ ਸੁਸਾਇਟੀ ਵਿਚ ਆਇਆ ਸੀ, ਜਿਸ ਨੇ ਇਕ ਪਾਸੇ ਗੱਡੀ ਖੜ੍ਹੀ ਵੇਖੀ ਜੋ ਸਟਾਰਟ ਖੜ੍ਹੀ ਸੀ।
ਉਸ ਨੇ ਨੇੜੇ ਜਾ ਕੇ ਵੇਖਿਆ ਗੱਡੀ ਵਿਚ ਖ਼ੂਨ ਨਾਲ ਲੱਥਪੱਥ ਲਾਸ਼ ਪਈ ਸੀ, ਜਿਸ ਦੇ ਮੱਥੇ ਵਿਚ ਗੋਲੀ ਲੱਗੀ ਹੋਈ ਸੀ। ਇਸ ਦੀ ਸੂਚਨਾ ਉਸ ਵਲੋਂ ਪੁਲਿਸ ਨੂੰ ਦਿਤੀ ਗਈ, ਜਿਸ ਮਗਰੋਂ ਉਹ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿਤੀ। ਉਨ੍ਹਾ ਦਸਿਆ ਕਿ ਘਟਨਾ ਵਾਲੀ ਥਾਂ ਜੱਜ ਸਾਹਿਬ ਦੀ ਕੋਠੀ 200 ਮੀਟਰ ਦੂਰ ਸੀ। ਮੌਕੇ 'ਤੇ ਪਹੁੰਚੇ ਤਾਂ ਗੱਡੀ ਅੰਦਰੋਂ ਲਾਕ ਕੀਤੀ ਹੋਈ ਸੀ, ਜੋ ਸਟਾਰਟ ਖੜ੍ਹੀ ਸੀ। ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲ੍ਹੀ ਗਈ। ਲਾਸ਼ ਦੇ ਨੇੜੇ ਸਰਕਾਰੀ ਪਿਸਤੌਲ 9 ਐਮ.ਐਮ. ਦੀ ਵੀ ਬਰਾਮਦ ਹੋਈ ਹੈ, ਜਿਸ ਨਾਲ ਗੋਲੀ ਮਾਰੀ ਗਈ ਹੈ। ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਮ੍ਰਿਤਕ ਮੁਲਾਜ਼ਮ 2 ਵਜੇ ਜੱਜ ਦੇ ਬੱਚਿਆਂ ਨੂੰ ਛੱਡਣ ਤੇ ਕਰੀਬ 4 ਵਜੇ ਜੱਜ ਸਾਹਿਬ ਨੂੰ ਡੇਰਾਬੱਸੀ ਅਦਾਲਤ ਵਿਚ ਲੈਣ ਲਈ ਘਰ ਪਹੁੰਚ ਜਾਂਦਾ ਸੀ ਜੋਂ ਅੱਜ ਨਹੀਂ ਪਹੁੰਚਿਆ।
ਪੁਲਿਸ ਅਨੁਸਾਰ ਮੌਕੇ ਦੇ ਹਾਲਾਤ ਵੇਖ ਜਾਪਦਾ ਹੈ ਕਿ ਮ੍ਰਿਤਕ ਮੁਲਾਜ਼ਮ ਪੱਗ ਬੰਨ੍ਹਦਾ ਸੀ, ਉਸ ਨੇ ਮੱਥੇ ਵਿਚ ਸਾਹਮਣੇ ਅਪਣੇ ਆਪ ਨੂੰ ਗੋਲੀ ਮਾਰੀ ਹੈ। ਮੌਕੇ 'ਤੇ ਗੱਡੀ ਅੰਦਰੋਂ ਬੰਦ ਸੀ। ਹਾਲਾਤ ਵੇਖ ਪਤਾ ਲਗਦਾ ਹੈ ਕਿ ਮਾਮਲਾ ਖ਼ੁਦਕੁਸ਼ੀ ਦਾ ਹੈ। ਮੌਕੇ 'ਤੇ ਫ਼ੋਰੈਂਸਿਕ ਟੀਮ ਬੁਲਾ ਸੈਂਪਲ ਲੈ ਲਏ ਗਏ ਹਨ। ਫਿਲਹਾਲ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਮੋਬਾਈਲ ਕਬਜ਼ੇ ਵਿਚ ਲੈ ਲਿਆ ਹੈ, ਜਾਂਚ ਜਾਰੀ ਹੈ।
(For more news apart from Gunman of Derabassi Female Judge dies under Suspicious Circumstances Latest News in Punjabi stay tuned to Rozana Spokesman.)