
ਥਾਣੇ 'ਚ ਨੌਜਵਾਨਾਂ ਨਾਲ ਨਾਜਾਇਜ਼ ਕੁੱਟਮਾਰ ਕਰਨ ਵਾਲਾ ਏਐਸਆਈ ਜ਼ਬਰੀ ਰਿਟਾਇਰ
ਬੀਤੇ ਦਿਨੀ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖਕੇ ਕੁੱਟਮਾਰ ਦੇ ਮਾਮਲੇ ਨੂੰ ਲੈਕੇ ਏ.ਐਸ.ਆਈ ਨਰਿੰਦਰ ਸਿੰਘ ਜਬਰੀ ਸੇਵਾ ਮੁਕਤ ਕੀਤੇ ਗਏ ਹਨ। ਉਸ ਵੱਲੋਂ ਨੌਜਵਾਨਾਂ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ‘ਤੇ ਕਾਰਵਾਈ ਕਰਦਿਆਂ ਪਹਿਲਾਂ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਵਲੋਂ ਉਸ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਸੀ, ਉਥੇ ਹੀ ਉਸ ਵਿਰੁਧ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਵੀ ਦਰਜ ਕਰ ਕੀਤਾ ਗਿਆ ਸੀ।
ਜਦੋਂਕਿ ਉਸ ਵਿਰੁੱਧ ਐਸ.ਐਸ.ਪੀ. ਦੀ ਸਿਫਾਰਸ਼ ‘ਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਮੈਜਿਸਟ੍ਰੇਰੀਅਲ ਜਾਂਚ ਵੀ ਅਰੰਭ ਕਰਵਾਈ ਗਈ ਸੀ ਪ੍ਰੰਤੂ ਉਸਦੀ ਥਾਣੇ ਅੰਦਰ ਕੁੱਝ ਵਿਅਕਤੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਦੂਜੀ ਵੀਡੀਓ ਵਾਇਰਲ ਹੋਣ ਅਤੇ ਉਸ ਦੇ ਕੰਮ ਕਰਨ ਦੇ ਵਿਵਾਦਮਈ ਤੌਰ ਤਰੀਕਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. ਨੇ ਉਸ ਨੂੰ ਨੌਕਰੀ ਤੋਂ ਜਬਰੀ ਸੇਵਾ ਮੁਕਤ ਕਰਨ ਦੀ ਸਖਤ ਕਾਰਵਾਈ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਤਾਇਨਾਤ ਇਸ
ਏ.ਐਸ.ਆਈ ਨੂੰ ਉਸ ਦੀ ਕਰੀਬ ਸਾਢ਼ੇ ਤਿੰਨ ਸਾਲ ਦੀ ਬਕਾਇਆ ਰਹਿੰਦੀ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਂਉਦਿਆਂ ਲੋਕ ਹਿਤ ‘ਚ ਜਬਰੀ ਸੇਵਾ ਮੁਕਤ ਕੀਤਾ ਗਿਆ ਹੈ। ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੇ ਆਦੇਸ਼ਾਂ ‘ਤੇ ਚੱਲ ਰਹੀ ਮੈਜਿਸਟਰੀਅਲ ਜਾਂਚ ਦੀ ਰਿਪੋਰਟ ਅਤੇ ਡੀ.ਐਸ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।