
ਤਾਕਤ ਮਿਲੀ ਤਾਂ ਹਰ ਤਰ੍ਹਾਂ ਦੇ ਮਾਫ਼ੀਏ ਦਾ ਪੰਜਾਬ ਦੇ ਨਕਸ਼ੇ ਤੋਂ ਨਾਮੋ-ਨਿਸ਼ਾਨ ਮਿਟਾ ਦਿਆਂਗਾ : ਨਵਜੋਤ ਸਿੱਧੂ
ਪੰਜਾਬ ਯੂਥ ਕਾਂਗਰਸ ਦੇ ਵਿਸ਼ਾਲ ਤਿਰੰਗਾ ਆਜ਼ਾਦੀ ਮਾਰਚ 'ਚ ਸ਼ਾਮਲ ਹੋਣ ਸਮੇਂ ਦਿਤਾ ਧੂੰਆਂਧਾਰ ਭਾਸ਼ਣ
ਚੰਡੀਗੜ੍ਹ, 16 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਹਰ ਦਿਨ ਅਪਣੀ ਸਰਕਾਰ ਨੂੰ ਹੀ ਨਿਸ਼ਾਨੇ 'ਤੇ ਲੈਂਦਿਆਂ ਵੱਡੇ ਐਲਾਨ ਕਰ ਰਹੇ ਹਨ | ਬੀਤੇ ਦਿਨ ਉਨ੍ਹਾਂ ਨੇ ਪੰਜਾਬ ਕਾਂਗਰਸ ਭਵਨ 'ਚ ਨੌਜਵਾਨਾਂ ਨਾਲ ਆਜ਼ਾਦੀ ਦਿਹਾੜਾ ਮਨਾਇਆ | ਸਿੱਧੂ ਨੇ ਪੰਜਾਬ ਯੂਥ ਕਾਂਗਰਸ ਵਲੋਂ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਕੱਢੀ ਤਿਰੰਗਾ ਆਜ਼ਾਦੀ ਯਾਤਰਾ 'ਚ ਹਿੱਸ ਲਿਆ | ਉਨ੍ਹਾਂ ਇਸ ਸਮੇਂ ਪੰਜਾਬ ਭਰ 'ਚੋਂ ਪਹੁੰਚੇ ਹਜ਼ਾਰਾਂ ਯੂਥ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਧੂੰਆਂਧਾਰ ਭਾਸ਼ਨ ਦੇ ਕੇ ਉਨ੍ਹਾਂ 'ਚ ਜੋਸ ਭਰਿਆ | ਸਿੱਧੂ ਦੇ ਭਾਸ਼ਨ ਦੌਰਾਨ ਵਾਰ-ਵਾਰ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਨਵਜੋਤ ਸਿੱਧੂ ਜਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ | ਨੌਜਵਾਨਾਂ ਦਾ ਇੰਨਾ ਜ਼ਿਆਦਾ ਇਕੱਠ ਸੀ ਕਿ ਕਾਂਗਰਸ ਭਵਨ ਦੀਆਂ ਛੱਤਾਂ ਤਕ ਭਰੀਆਂ ਸਨ | ਸਿੱਧੂ ਨੇ ਜਿਥੇ ਅਪਣੀ ਹੀ ਸਰਕਾਰ 'ਤੇ ਨਿਸ਼ਾਨੇ ਸਾਧੇ ਉਥੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਵੀ ਲੰਮੇ ਹੱਥੀਂ ਲਿਆ | ਉਨ੍ਹਾਂ ਐਲਾਨ ਕੀਤਾ ਕਿ ਜੇ ਤਾਕਤ ਮਿਲੀ ਤਾਂ ਪੰਜਾਬ ਦੇ ਨਕਸ਼ੇ ਤੋਂ ਹਰ ਤਰ੍ਹਾਂ ਦੇ ਮਾਫ਼ੀਆ ਦਾ ਨਾਮੋ-ਨਿਸ਼ਾਨ ਮਿਟਾ ਦਿਆਂਗਾ | ਉਨ੍ਹਾਂ ਨੌਜਵਾਨਾਂ 'ਚ ਹੌਸਲਾ ਭਰਦਿਆਂ ਇਹ ਵੱਡਾ ਐਲਾਨ ਵੀ ਕਰ ਦਿਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਨੌਜਵਾਨਾਂ ਨੂੰ ਪਹਿਲਾਂ ਨਾਲੋਂ ਦੁੱਗਣੀਆਂ ਟਿਕਟਾਂ ਦਿਆਂਗੇ | ਉਨ੍ਹਾਂ ਅਪਣੇ ਭਾਸ਼ਨ ਦੇ ਸ਼ੁਰੂ 'ਚ ਕਿਹਾ ਕਿ ਮੈਂ ਪਹਿਲਾਂ ਜਿਥੇ ਵੀ ਗਿਆ ਹਾਂ 240 ਵਾਟ ਦਾ ਕਰੰਟ ਹੁੰਦਾ ਸੀ ਅਤੇ ਅੱਜ 440 ਵਾਟ ਦਾ ਕਰੰਟ ਹੈ | ਉਨ੍ਹਾਂ ਕਿਹਾ ਕਿ ਉਹ ਜਵਾਨੀ ਹੀ ਕੀ ਜਿਸ 'ਚ ਜੋਸ਼ ਨਾ ਹੋਵੇ | ਜੋਸ਼ ਹੀ ਇੰਜਣ ਹੁੰਦਾ ਹੈ ਜਦਕਿ ਹੋਸ਼ ਸਾਡੇ ਕੋਲ ਹੈ ਹੀ | ਉਨ੍ਹਾਂ ਕਿਹਾ ਨੌਜਵਾਨਾਂ ਨੂੰ ਮੌਕੇ ਮਿਲਣੇ ਚਾਹੀਦੇ ਹਨ | ਉਨ੍ਹਾਂ ਮੁੱਖ ਮੰਤਰੀ ਦਾ ਨਾਂ ਲਏ ਬਿਨਾ ਅਸਿਧੇ ਤੌਰ 'ਤੇ ਨਿਸ਼ਾਨਾ ਵਿੰੰਨਦਿਆਂ ਕਿਹਾ ਕਿ ਮੈਂ ਨਾ ਵਾਅਦੇ ਕੀਤੇ ਤੇ ਨਾ ਹੀ ਕਸਮਾਂ ਖਾਂਦਾ ਹਾਂ ਪਰ ਵਚਨ ਦਿੰਦਾ ਹਾਂ ਕਿ ਜੋ ਕਹਿੰਦਾ ਹਾਂ, ਉਹ ਪੂਰਾ ਕਰਾਂਗਾ | ਸਿੱਧੂ ਨੇ ਕਿਹਾ ਪ੍ਰਣਾ ਜਾਏ ਪਰ ਵਚਨ ਨਾ ਜਾਏ | ਲੋਕਾਂ ਨੂੰ ਵਚਨ ਦਿੰਦਾ ਹਾਂ ਲੰਬੂ ਮਜੀਠੀਆ ਦਾ ਡਰਾਉਣਾ ਬਣਾ ਕੇ ਖੇਤਾਂ 'ਚ ਟੰਗਾਂਗੇ | ਸੁਖਬੀਰ ਬਾਦਲ ਬਾਰੇ ਕਿਹਾ ਕਿ ਪੰਜਾਬ ਨੂੰ ਕੈਲੇਫ਼ੋਰਨੀਆ ਬਣਾਉਣ, ਪਾਣੀ 'ਚ ਬਸਾਂ ਚਲਾਉਣ ਵਰਗੀਆਂ ਗੱਲਾਂ ਕਰ ਕੇ ਮਾਰੀਆਂ ਗੱਪਾਂ ਨੂੰ ਕੌਣ ਨਹੀਂ ਜਾਣਦਾ | ਲੋਕ ਸੱਭ ਜਾਣਦੇ ਹਨ ਤੇ ਇਸ ਦੀਆਂ ਨਵੀਆਂ ਗੱਪਾਂ 'ਚ ਨਹੀਂ ਆਉਣਗੇ | ਉਨ੍ਹਾਂ ਤਾਕਤ ਮਿਲਣ ਅਤੇ ਕਾਂਗਰਸ ਦੇ ਵਰਕਰਾਂ ਦਾ ਰਾਜ ਆਉਣ 'ਤੇ ਮਾਫ਼ੀਏ ਖ਼ਤਮ ਕਰ ਕੇ ਸਰਕਾਰੀ ਖ਼ਜ਼ਾਨੇ ਭਰਨ ਦੀ ਗੱਲ ਵੀ ਆਖੀ |