
ਜਦੋਂ ਮੂਲ ਅਧਿਕਾਰਾਂ ਤੇ ਸੰਵਿਧਾਨ ਨੂੰ ਦਰੜਿਆ ਜਾਵੇ ਤਾਂ ਚੁੱਪ ਰਹਿਣਾ ਪਾਪ ਹੈ : ਸੋਨੀਆ ਗਾਂਧੀ
ਨਵੀਂ ਦਿੱਲੀ, 16 ਅਗੱਸਤ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਸ਼ੁਰੂ ਹੋਣ ਮੌਕੇ ਸੋਮਵਾਰ ਨੂੰ ਲੋਕਾਂ ਨੂੰ ਇਸ ਲਈ ਆਤਮਚਿੰਤਨ ਕਰਨ ਦੀ ਅਪੀਲ ਕੀਤੀ ਕਿ ਆਜ਼ਾਦੀ ਦੇ ਕੀ ਅਰਥ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਮੂਲ ਅਧਿਕਾਰਾਂ ਅਤੇ ਸੰਵਿਧਾਨ ਨੂੰ ਦਰੜਿਆ ਜਾ ਰਿਹਾ ਹੋਵੇ ਤਾਂ ਚੁੱਪ ਰਹਿਣਾ ਪਾਪ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਫਿਰ ਤੋਂ ਸਹੀ ਸਥਿਤੀ ਵਿਚ ਲਿਆਉਣ ਦੀ ਲੋੜ ਹੈ | ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿ ਇਕ ਅੰਗ੍ਰੇਜ਼ੀ ਅਖ਼ਬਾਰ ਵਿਚ ਪ੍ਰਕਾਸ਼ਤ ਸੋਨੀਆ ਗਾਂਧੀ ਦੇ ਲੇਖ ਦਾ ਜ਼ਿਕਰ ਕਰਦੇ ਹੋਏ ਕਿਹਾ,''ਜਦੋਂ ਸਾਡੇ ਸੰਵਿਧਾਨ ਨਿਰਮਾਤਾਵਾਂ ਵਲੋਂ ਗਰੰਟੀ ਦੇ ਤੌਰ 'ਤੇ ਦਿਤੇ ਗਏ ਲੋਕਾਂ ਦੇ ਮੂਲ ਅਧਿਕਾਰਾਂ ਨੂੰ ਦਰੜਿਆ ਜਾ ਰਿਹਾ ਹੈ ਤਾਂ ਚੁੱਪ ਰਹਿਣਾ ਪਾਪ ਹੈ |'' ਉਨ੍ਹਾਂ ਕਿਹਾ ਕਿ ਇਸ ਲੇਖ ਵਿਚ ਕਾਂਗਰਸ ਪ੍ਰਧਾਨ ਨੇ ਇਸ ਬਾਰੇ ਗੱਲ ਕੀਤੀ ਹੈ ਕਿ ਲੋਕਾਂ ਲਈ ਆਜ਼ਾਦੀ ਦੇ ਕੀ ਅਰਥ ਹਨ |
ਇਸ ਲੇਖ ਵਿਚ ਸੋਨੀਆਂ ਨੇ ਕਿਹਾ ਕਿ ਜਦੋਂ ਸਰਕਾਰ ਸੰਸਦ 'ਤੇ ਹਮਲੇ ਕਰਦੀ ਹੈ ਅਤੇ ਰਵਾਇਤਾਂ ਨੂੰ ਕੁਚਲਦੀ ਹੈ, ਲੋਕਤੰਤਰ ਨੂੰ ਗ਼ੁਲਾਮ ਬਣਾ ਦੇਂਦੀ ਹੈ ਅਤ ਸੰਵਿਧਾਨ ਦਾ ਨਿਰਾਦਰ ਕਰਨ ਦਾ ਯਤਨ ਕਰਦੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਕਿ ਆਜ਼ਾਦੀ ਦੇ ਕੀ ਅਰਥ ਹਨ |
ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਮੌਜੂਦਾ ਸਮੇਂ ਵਿਚ ਪੱਤਰਕਾਰਾਂ ਨੂੰ ਸੱਚ ਲਿਖਣ, ਟੀਵੀ ਚੈਨਲਾਂ ਨੂੰ ਸਚਾਈ ਦਿਖਾਉਣ ਅਤੇ ਲੇਖਕਾਂ ਅਤੇ ਵਿਚਾਰਕਾਂ ਨੂੰ ਅਪਣੀ ਗੱਲ ਰੱਖਣ ਦੀ ਆਜ਼ਾਦੀ ਨਹੀਂ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦੇ ਸਮੇਂ ਵਿਚ ਸਾਂਸਦ ਵੀ ਅਪਣੀ ਗੱਲ ਨਹੀਂ ਰੱਖ ਸਕਦੇ, ਆਕਸੀਜਨ ਦੀ ਕਮੀ ਨਾਲ ਪ੍ਰਭਾਵਤ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਅਤੇ ਸੂਬਿਆਂ ਨੂੰ ਕੇਂਦਰ ਤੋਂ ਅਪਣੇ ਅਧਿਕਾਰ ਮੰਗਣ ਦੀ ਆਜ਼ਾਦੀ ਨਹੀਂ ਹੈ | ਸੋਨੀਆਂ ਗਾਂਧੀ ਨੇ ਦੋਸ਼ ਲਗਾਇਆ ਕਿ ਹਾਲ ਹੀ ਵਿਚ ਸਮਾਪਤ ਹੋਏ ਮਾਨਸੂਨ ਸਤਰ ਵਿਚ ਸਾਂਸਦਾਂ ਨੂੰ ਰਾਸ਼ਟਰੀ ਮਹੱਤਵ ਨਾਲ ਜੁੜੇ ਮੁੱਦੇ ਚੁੱਕਣ ਦਾ ਮੌਕਾ ਨਹੀਂ ਮਿਲਿਆ | (ਏਜੰਸੀ)