
ਪ੍ਰਵਾਸੀਆਂ ਦੀ ਮਦਦ ਲਈ ਖ਼ਰਚੇ ਜਾਣਗੇ 100 ਮਿਲੀਅਨ ਡਾਲਰ ਖ਼ਰਚੇਗੀ ਕੈਨੇਡਾ ਸਰਕਾਰ
ਔਟਵਾ, 16 ਅਗੱਸਤ : ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਆਏ ਪ੍ਰਵਾਸੀਆਂ ਦੀ ਮਦਦ ਲਈ ਫੈਡਰਲ ਸਰਕਾਰ 100 ਮਿਲੀਅਨ ਡਾਲਰ ਖਰਚ ਕਰੇਗੀ। ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਪ੍ਰਵਾਸੀਆਂ ਦੀ ਸੈਟਲਮੈਂਟ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਵਿੱਤੀ ਮਦਦ ਵਾਸਤੇ ਫੰਡਿੰਗ ਦਾ ਐਲਾਨ ਕੀਤਾ ਹੈ, ਤਾਂ ਜੋ ਉਹ ਮਹਾਂਮਾਰੀ ਦੌਰਾਨ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ਅਤੇ ਸਥਾਨਕ ਭਾਈਚਾਰੇ ਤੇ ਕੈਨੇਡਾ ਦੇ ਆਰਥਿਕ ਵਿਕਾਸ ’ਚ ਆਪਣਾ ਬਣਦਾ ਯੋਗਦਾਨ ਪਾ ਸਕਣ।
ਇਹ ਫੰਡ ਅਗਲੇ ਤਿੰਨ ਸਾਲਾਂ ਦੌਰਾਨ ਖਰਚ ਕੀਤਾ ਜਾਵੇਗਾ, ਜਿਸ ਦਾ ਮੁੱਖ ਮਕਸਦ ਨਵੇਂ ਪ੍ਰਵਾਸੀਆਂ ਨੂੰ ਵਧੀਆ ਸੈਟਲਮੈਂਟ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਕੋਰੋਨਾ ਮਹਾਂਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਇਹ ਫੰਡਿੰਗ ਇੰਮੀਗ੍ਰੇਸ਼ਨ ਡਿਪਾਰਟਮੈਂਟ ਦੇ ‘ਸਰਵਿਸ ਡਿਲੀਵਰੀ ਇੰਪਰੂਵਮੈਂਟ’ (ਐਸਡੀਆਈ) ਪ੍ਰੋਗਰਾਮ ਰਾਹੀਂ ਪ੍ਰਦਾਨ ਕੀਤੀ ਜਾਵੇਗੀ, ਜੋ ਕਿ ਭਾਸ਼ਾ ਸਿਖਲਾਈ, ਹੁਨਰ ਵਿਕਾਸ, ਰੋਜ਼ਗਾਰ ਸਬੰਧੀ ਸੇਵਾਵਾਂ ਅਤੇ ਭਾਈਚਾਰਕ ਸਾਂਝ ਵਰਗੇ ਖੇਤਰਾਂ ਵਿੱਚ ਸੈਟਲਮੈਂਟ ਸਰਵਿਸ ਪ੍ਰੋਵਾਈਡਰਜ਼ ਵੱਲੋਂ ਪੇਸ਼ ਕੀਤੇ ਗਏ ਨਵੇਂ ਪ੍ਰੋਜੈਕਟਾਂ ਲਈ ਫੰਡ ਦਿੰਦਾ ਹੈ। 2020 ਫੰਡਿੰਗ ਪ੍ਰਕਿਰਿਆ ਅਧੀਨ ਆਈਆਰਸੀਸੀ ਨੇ 78 ਪ੍ਰੋਜੈਕਟਾਂ ਦੀ ਚੋਣ ਕੀਤੀ ਹੈ। ਇਹ ਪ੍ਰੋਜੈਕਟ ਪ੍ਰਵਾਸੀਆਂ ਦੀ ਮਹਾਂਮਾਰੀ ਦੇ ਮਾੜੇ ਦੌਰ ਵਿੱਚੋਂ ਬਾਹਰ ਨਿਕਲਣ ਅਤੇ ਨਵੇਂ ਭਾਈਚਾਰੇ ਨਾਲ ਜੁੜਨ ਵਿੱਚ ਮਦਦ ਕਰਨਗੇ। ਮਹਾਂਮਾਰੀ ਕਾਰਨ ਕਈ ਸੈਟਲਮੈਂਟ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ। (ਏਜੰਸੀ)