ਪੁਲਿਸ ਨੇ ਮਾਮਲਾ ਕੀਤਾ ਦਰਜ
ਅੰਮ੍ਰਿਤਸਰ- ਅੱਜ ਸਵੇਰੇ ਪਿੰਡ ਬੱਲ ਖੁਰਦ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਪੰਜਾਬ ਰੋਡਵੇਜ਼ ਦੀ ਇਕ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਬੱਸ ਦੀ ਲਪੇਟ ਵਿਚ ਆਉਣ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਸਾਧਾ ਸਿੰਘ ਵਜੋਂ ਹੋਈ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬੱਲ ਖੁਰਦ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਮੁਰਾਦਪੁਰਾ ਥਾਣਾ ਕੰਬੋਅ ਦੇ ਵਸਨੀਕ ਹਰਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਸਾਧਾ ਸਿੰਘ ਆਪਣੇ ਡਿਸਕਵਰ ਮੋਟਰਸਾਈਕਲ ਨੰਬਰ ਪੀ ਬੀ 02 ਈ 2483 ਤੇ ਸਵਾਰ ਹੋ ਕੇ ਫਤਿਹਗੜ ਚੂੜੀਆਂ ਰੋਡ ਪਿੰਡ ਮਹੱਦੀਪੁਰਾ ਵਿਖੇ ਜਾ ਰਹੇ ਸਨ ਕੇ ਉਧਰੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ ਬੀ 02 ਡੀ ਓ 9038 ਦੀ ਲਪੇਟ ਵਿੱਚ ਆ ਗਏ।
ਜਿਸ ਦੌਰਾਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਸਥਾਨਕ ਲੋਕਾਂ ਵੱਲੋਂ ਬੱਸ ਡਰਾਈਵਰ ਨੂੰ ਮੌਕੇ ਤੋਂ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਥਾਣਾ ਕੰਬੋਅ ਅਤੇ ਚੌਂਕੀ ਬੱਲ ਕਲਾਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।