
ਮੰਡੀ ਕਾਲਾਂਵਾਲੀ 'ਚ ਸੁਤੰਤਰਤਾ ਦਿਵਸ 'ਤੇ ਵਿਧਾਇਕ ਨੈਨਾ ਸਿੰਘ ਚੌਟਾਲਾ ਨੇ ਲਹਿਰਾਇਆ ਤਿਰੰਗਾ
ਕਾਲਾਂਵਾਲੀ, 16 ਅਗੱਸਤ (ਸੁਰਿੰਦਰ ਪਾਲ ਸਿੰਘ) : ਮੰਡੀ ਕਾਲਾਂਵਾਲੀ ਦੀ ਅਨਾਜ ਮੰਡੀ ਵਿੱਚ ਕਰਵਾਏ ਗਏ ਸਬ-ਡਵੀਜਨ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਜੇ ਜੇ ਪੀ ਵਿਧਾਇਕ ਨੈਨਾ ਸਿੰਘ ਚੌਟਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਇਆ | ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ |
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਮੈਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦੀ ਹਾਂ |ਉਨ੍ਹਾਂ ਕਿਹਾ ਕਿ 1857 ਦੀ ਕ੍ਰਾਂਤੀ ਸਭ ਤੋਂ ਪਹਿਲਾਂ ਅੰਬਾਲਾ ਛਾਉਣੀ ਤੋਂ ਸੁਰੂ ਹੋਈ ਸੀ | ਇੱਥੋਂ ਉੱਠੀ ਚੰਗਿਆੜੀ ਨੇ ਪਹਿਲੇ ਸੁਤੰਤਰਤਾ ਸੰਗਰਾਮ ਦਾ ਰੂਪ ਲੈ ਕੇ ਨਾ ਸਿਰਫ ਈਸਟ ਇੰਡੀਆ ਕੰਪਨੀ ਦੇ ਸਾਸਨ ਨੂੰ ਹੀ ਖਤਮ ਨਹੀ ਕੀਤਾ, ਸਗੋਂ ਬਾਅਦ ਵਿੱਚ ਇੱਕ ਅਜਿਹੀ ਲੋਕ ਲਹਿਰ ਖੜ੍ਹੀ ਕੀਤੀ, ਜਿਸ ਦੇ ਆਧਾਰ 'ਤੇ ਅਸੀਂ 1947 ਵਿੱਚ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਵਿੱਚ ਸਫਲ ਹੋਏ | ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜਾ ਸਾਨੂੰ ਇਸ ਗੱਲ 'ਤੇ ਵਿਚਾਰ ਕਰਨ ਦਾ ਮੌਕਾ ਦਿੰਦਾ ਹੈ ਕਿ ਅਸੀਂ 75 ਸਾਲਾਂ ਦੇ ਇਸ ਸਮੇਂ ਵਿੱਚ ਕੀ ਪ੍ਰਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਸਾਰਾ ਸੰਸਾਰ ਕਈ ਖੇਤਰਾਂ ਵਿੱਚ ਸਾਡਾ ਲੋਹਾ ਮੰਨਦਾ ਹੈ | ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਥੀਆਂ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਲੋਕਾਂ ਦਾ ਮਨ ਮੋਹ ਲਿਆ | ਸਮਾਗਮ ਦੇ ਅੰਤ ਵਿਚ ਪ੍ਰਮੁੱਖ ਸ਼ਖਸ਼ੀਅਤਾ ਸਮੇਤ ਖੇਤਰ ਦੇ ਪੱਤਰਕਾਰਾਂ ਅਤੇ ਵਿਦਿਆਥੀਆਂ ਦਾ ਵੀ ਵਿਸੇਸ਼ ਸਨਮਾਨ ਕੀਤਾ ਗਿਆ |
ਇਸ ਸਮਾਗਮ ਦਾ ਮੰਚ ਸੰਚਾਲਨ ਹੈਡਮਾਸਟਰ ਰਵੀ ਸਾਗਰ ਨੇ ਕੀਤਾ ਅਤੇ ਸਮਾਗਮ ਵਿੱਚ ਐਸਡੀਐਮ ਉਦੈ ਸਿੰਘ,ਡੀਐਸਪੀ ਯਾਦਰਾਮ, ਇਨੈਲੋ ਆਗੂ ਨਿਰਮਲ ਸਿੰਘ ਮੱਲੜੀ, ਸ਼ਗਨਜੀਤ ਸਿੰਘ ਕੁੰਰਗਾਂਵਾਲੀ, ਡਾ: ਸਮਸ਼ੇਰ ਸਿੰਘ ਅਤੇ ਰਾਏ ਸਿੰਘ ਸਿੱਧੂ ਸਮੇਤ ਕਾਲਾਂਵਾਲੀ ਦੇ ਪੰਤਵੰਤੇ ਵੀ ਹਾਜ਼ਰ ਸਨ |