ਸੂਬੇ ਦੀਆਂ ਮੰਡੀਆਂ ਦੇ ਸ਼ੈੱਡਾਂ ਅਤੇ ਲਿੰਕ ਸੜਕਾਂ ਦੇ ਸੁਧਾਰ ਤੇ ਖਰਚੇ ਜਾਣਗੇ 1760 ਕਰੋੜ ਰੁਪਏ
ਪੋਜੇਵਾਲ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਐਨ ਆਰ ਆਈਜ਼ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਰਾਜ ਦੀਆਂ ਮੰਡੀਆਂ ਅਤੇ ਲਿੰਕ ਸੜਕਾਂ ਦੇ ਸੁਧਾਰ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ 1760 ਕਰੋੜ ਰੁਪਏ ਦਾ ਬਜਟ ਸੂਬੇ ਦੀਆਂ ਮੰਡੀਆਂ ਦੇ ਸ਼ੈੱਡਾਂ ਅਤੇ ਲਿੰਕ ਸੜਕਾਂ ਦੇ ਸੁਧਾਰ ਤੇ ਖਰਚਿਆ ਜਾਵੇਗਾ। ਅੱਜ ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜੋੜ ਮੇਲੇ ਤੇ ਉਨ੍ਹਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਚ ਪੁੱਜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬਾ ਗੁਰਦਿੱਤਾ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ।
ਉਨ੍ਹਾਂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਤੇ ਸੱਚੇ ਦਿਲੋਂ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ। ਉਨ੍ਹਾਂ ਨੇ ਇਸ ਮੌਕੇ ਪਿੰਡ ਦੀ ਸੰਗਤ ਵੱਲੋਂ ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕੁਮਾਰੀ ਕਟਾਰੀਆਂ ਰਾਹੀਂ ਇਸ ਇਤਿਹਾਸਿਕ ਪਿੰਡ ਦੇ ਵਿਕਾਸ ਲਈ ਰੱਖੀਆਂ ਮੰਗਾਂ ਨੂੰ ਮੌਕੇ ਤੇ ਹੀ ਮੰਨਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪੰਚਾਇਤ ਘਰ, ਸਟੇਡੀਅਮ, 10 ਲੱਖ ਦੀ ਲਾਗਤ ਨਾਲ ਬਣਨ ਵਾਲੀ ਪੇਂਡੂ ਸੱਥ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਦੀ ਸਾਫ ਸਫਾਈ ਮੁਕੰਮਲ ਹੋਣ ਬਾਅਦ ਇਸ ਨੂੰ ਮਾਡਲ ਛੱਪੜ ਬਣਾਇਆ ਜਾਵੇਗਾ।
ਉਨ੍ਹਾਂ ਆਖਿਆ ਕਿ ਬਾਬਾ ਗੁਰਦਿੱਤਾ ਜੀ ਦੇ ਆਸ਼ੀਰਵਾਦ ਨਾਲ ਇਸ ਪਿੰਡ ਦੀ ਧੀ ਸੰਤੋਸ਼ ਕਟਾਰੀਆਂ ਪੰਜਾਬ ਦੀ ਵਿਧਾਨ ਸਭਾ ਚ ਪੁੱਜੀ ਹੈ ਅਤੇ ਉਨ੍ਹਾਂ ਨੂੰ ਪੂਰਣ ਆਸ ਹੈ ਕਿ ਉਹ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦੇਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਸਰਕਾਰ ਦੀ ਜ਼ਮੀਨ ਸਰਕਾਰ ਕੋਲ ਵਾਪਸ ਲਿਆਉਣ ਲਈ ਵਚਨਬੱਧ ਹਨ ਅਤੇ ਆਪਣੇ ਮਿਸ਼ਨ ਨੂੰ ਇੰਜ ਹੀ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਬਣਾਉਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪਸ਼ੂਆਂ ਚ ਫੈਲੀ ਲੰਪੀ ਸਕਿਨ (ਧੱਫ਼ੜੀ ਰੋਗ) ਦੀ ਰੋਕਥਾਮ ਅਤੇ ਪਸ਼ੁਆਂ ਦੇ ਬਚਾਅ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਲਾਇਆ ਹੋਇਆ ਹੈ ਅਤੇ ਇਸ ਵਾਸਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਐਮ ਐਲ ਏ ਸੰਤੋਸ਼ ਕਟਾਰੀਆ ਨੇ ਆਪਣੇ ਪੇਕੇ ਪਿੰਡ ਸਥਿਤ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਪ੍ਰਗਟਾਇਆ।
ZZZZ
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ ਅਤੇ ਸੀਨੀਅਰ ਆਗੂ ਸਤਨਾਮ ਸਿੰਘ ਜਲਾਲਪੁਰ ਵੀ ਮੌਜੂਦ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ. ਧਾਲੀਵਾਲ ਅਤੇ ਵਿਧਾਇਕਾ ਕਟਾਰੀਆ ਨੂੰ ਸਿਰੋਪਾਓ ਦੀ ਬਖਸ਼ਿਸ ਵੀ ਕੀਤੀ ਗਈ।
ਇਸ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਐਸ ਡੀ ਐਮ ਦਫਤਰ ਬਲਾਚੌਰ ਵਿਖੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ!