
ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਲਈ 60 ਵਿਦਿਆਰਥੀਆਂ ਨੂੰ ਦਾਖਲੇ ਦੇਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ
ਫਰੀਦਕੋਟ - ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਵਿਚ ਤਿੰਨ ਸਾਲ ਪਹਿਲਾਂ ਬੰਦ ਕੀਤੀ ਗਈ ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਕੇ.ਏ.ਪੀ. ਸਿਨਹਾ ਦੇ ਹੁਕਮਾਂ ਮਗਰੋਂ ਖੇਤੀਬਾੜੀ ਵਿਭਾਗ ਨੇ ਪੱਤਰ ਨੰਬਰ 10106 ਜਾਰੀ ਕਰ ਕੇ ਬਰਜਿੰਦਰਾ ਕਾਲਜ ਨੂੰ ਆਦੇਸ਼ ਦਿੱਤੇ ਹਨ ਕਿ ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਲਈ 60 ਵਿਦਿਆਰਥੀਆਂ ਨੂੰ ਦਾਖਲੇ ਦੇਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਖੇਤੀਬਾੜੀ ਕੌਂਸਲ ਪੰਜਾਬ ਨੇ ਕਾਲਜ ਕੋਲ ਲੋੜੀਂਦੀ ਲੈਬਾਰਟਰੀ, ਸਟਾਫ਼ ਅਤੇ ਜ਼ਮੀਨ ਦੀ ਘਾਟ ਕਾਰਨ ਇੱਥੋਂ ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮਾਰਚ, 2020 ਤੋਂ ਬਾਅਦ ਇਸ ਕਾਲਜ ਵਿਚ ਬੀਐੱਸਸੀ ਖੇਤੀਬਾੜੀ ਲਈ ਕੋਈ ਦਾਖ਼ਲਾ ਨਹੀਂ ਹੋਇਆ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਕ ਦਿਨ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਫਰੀਦਕੋਟ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ ਦੀ ਪੜ੍ਹਾਈ ਮੁੜ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਅੱਜ ਬਕਾਇਦਾ ਤੌਰ ’ਤੇ ਇਸ ਸਬੰਧੀ ਹੁਕਮ ਵੀ ਕਾਲਜ ’ਚ ਜਾਰੀ ਕਰ ਦਿੱਤੇ ਗਏ ਹਨ।
ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਬੰਦ ਹੋਣ ਮਗਰੋਂ ਕਾਲਜ ਨੇ ਕੁਝ ਪ੍ਰੋਫੈਸਰਾਂ ਨੂੰ ਵੀ ਡਿਊਟੀ ਤੋਂ ਫਾਰਗ ਕਰ ਦਿੱਤਾ ਸੀ। ਹੁਣ ਕਾਲਜ ਅਧਿਕਾਰੀਆ ਨੇ ਇਨ੍ਹਾਂ ਪ੍ਰੋਫੈਸਰਾਂ ਨੂੰ ਵੀ ਮੁੜ ਕਾਲਜ ’ਚ ਡਿਊਟੀ ’ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਬਰਜਿੰਦਰਾ ਕਾਲਜ ਦੇ ਪ੍ਰੋਫੈਸਰ ਅਮਰਿੰਦਰ ਸਿੰਘ, ਦੀਪਇੰਦਰ, ਮਹਿੰਦਰਜੀਤ ਕੌਰ, ਪਰਮਜੀਤ ਕੌਰ ਤੇ ਅਨੁਪ੍ਰੀਤ ਕੌਰ ਨੇ ਬੀਐੱਸਸੀ ਖੇਤੀਬਾੜੀ ਦੀ ਮੁੜ ਪੜ੍ਹਾਈ ਸ਼ੁਰੂ ਹੋਣ ’ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਾਲਜ ਨੇ ਹੁਣ ਤੱਕ ਸੈਂਕੜੇ ਖੇਤੀ ਵਿਗਿਆਨੀ ਪੈਦਾ ਕੀਤੇ ਹਨ ਜਿਸ ਨਾਲ ਵਿਲੱਖਣਤਾ ਜਾਰੀ ਰਹੇਗੀ।