
ਨਿਹੰਗ ਨਰਾਇਣ ਸਿੰਘ ਨੇ ਆਤਮ ਸਮਰਪਣ ਕੀਤਾ
ਅੰਮ੍ਰਿਤਸਰ (ਪਪ): ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਲਖਬੀਰ ਸਿੰਘ ਦੇ ਕਤਲ ਦਾ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਇਸ ਘਟਨਾ ਤੋਂ 15 ਘੰਟੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਨਿਹੰਗ ਸਰਬਜੀਤ ਸਿੰਘ ਨੇ ਆਤਮ ਸਮਰਪਣ ਕੀਤਾ ਸੀ। ਹੁਣ ਇਕ ਹੋਰ ਨਿਹੰਗ ਨਰਾਇਣ ਸਿੰਘ ਨੇ ਆਤਮ ਸਮਰਪਣ ਕਰ ਦਿਤਾ ਹੈ। ਪੁਲਿਸ ਨੇ ਨਿਹੰਗ ਨਰਾਇਣ ਸਿੰਘ ਨੂੰ ਆਤਮ ਸਮਰਪਣ ਤੋਂ ਬਾਅਦ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਗੁਰੁਦਵਾਰੇ ਬਾਹਰੋਂ ਹਿਰਾਸਤ ਵਿਚ ਲਿਆ।
Nihang Narain Singh
ਪੁਲਿਸ ਨੇ ਕਿਹਾ ਕਿ ਨਰਾਇਣ ਸਿੰਘ ਦੀ ਅੰਮ੍ਰਿਤਸਰ ਪੁੱਜਣ ਦੀ ਖ਼ਬਰ ਮਿਲਦੇ ਹੀ ਇਲਾਕੇ ਨੂੰ ਘੇਰ ਲਿਆ ਗਿਆ ਸੀ। ਗੁਰੁਦਵਾਰੇ ਤੋਂ ਬਾਹਰ ਨਿਕਲਦੇ ਹੀ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ । ਇਸ ਵੇਲੇ ਹਿਰਾਸਤ ਵਿਚ ਲਏ ਗਏ ਨਿਹੰਗ ਨਰਾਇਣ ਸਿੰਘ ਨੇ ਕਿਹਾ ਕਿ ਲਖਬੀਰ ਸਿੰਘ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਇਸ ਲਈ ਉਨ੍ਹਾਂ ਜੋ ਵੀ ਕੀਤਾ, ਠੀਕ ਹੀ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਸਰਬਜੀਤ ਸਿੰਘ ਕਸੂਰਵਾਰ ਹੈ ਤਾਂ ਮੈਂ ਵੀ ਕਸੂਰਵਾਰ ਹਾਂ। ਮੈਂ ਵੀ ਸਰਬਜੀਤ ਸਿੰਘ ਦਾ ਸਾਥ ਦਿਤਾ ਸੀ।
Nihang Baba Narain Singh
ਉਸ ਨੇ ਕਿਹਾ ਕਿ 2014 ਤੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ ਰਹੀ ਹੈ ਤੇ ਉਸ ਤੋਂ ਬਾਅਦ ਬੇਅਦਬੀ ਦੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆ ਚੁਕੀਆਂ ਹਨ ਪਰ ਕਿਸੇ ਵਿਚ ਵੀ ਸੰਗਤ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਲਈ ਇਸ ਵਾਰ ਨਿਹੰਗ ਸਿੰਘਾਂ ਨੇ ਹੀ ਇਨਸਾਫ਼ ਲੈ ਲਿਆ। ਉਧਰ ਸੋਨੀਪਤ ਦੇ ਡੀ.ਸੀ.ਪੀ ਵੀਰੇਂਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਨਿਹੰਗ ਨਰਾਇਣ ਸਿੰਘ ਦੇ ਆਤਮ ਸਮਰਪਣ ਦੀ ਸੂਚਨਾ ਮਿਲੀ ਹੈ ਤੇ ਸੋਨੀਪਤ ਪੁਲਿਸ ਦੀ ਇਕ ਟੀਮ ਅੰਮ੍ਰਿਤਸਰ ਲਈ ਰਵਾਨਾ ਕਰ ਦਿਤੀ ਗਈ ਹੈ ਤਾਂ ਜੋ ਨਿਹੰਗ ਨਰਾਇਣ ਸਿੰਘ ਨੂੰ ਟਰਾਂਜਿਟ ਰਿਮਾਂਡ ’ਤੇ ਲਿਆ ਜਾ ਸਕੇ। ਦੂਜੇ ਪਾਸੇ ਨਿਹੰਗ ਨਰਾਇਣ ਸਿੰਘ ਆਤਮ ਸਮਰਪਣ ਕਰਨ ਲਈ ਸਵੇਰੇ ਹੀ ਸਿੰਘੂ ਬਾਰਡਰ ਤੋਂ ਨਿਕਲ ਗਿਆ ਸੀ। ਨਰਾਇਣ ਸਿੰਘ ਦਾ ਕਹਿਣਾ ਹੈ ਕਿ ਸੰਗਤ ਨੇ ਉਸ ਨੂੰ ਅਮ੍ਰਿਤਸਰ ਵਿਚ ਆਤਮ ਸਮਰਪਣ ਕਰਨ ਲਈ ਕਿਹਾ ਸੀ।